ਨਵੀਂ ਦਿੱਲੀ: ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ 42 ਤੱਕ ਪਹੁੰਚ ਗਈ ਹੈ। ਸਭ ਤੋਂ ਵੱਧ 38 ਮੌਤਾਂ ਦਿੱਲੀ ਦੇ ਜੀਟੀਬੀ ਹਸਪਤਾਲ 'ਚ ਹੋਈਆਂ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਗੋਲੀ ਮਾਰੀ ਗਈ ਸੀ। ਇਸ ਹਿੰਸਾ '215 ਲੋਕ ਜ਼ਖ਼ਮੀ ਹੋਏ। ਹਿੰਸਾ ਦੇ ਖੇਤਰਾਂ 'ਚ ਹੁਣ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ।


ਪਰਿਵਾਰ ਨੂੰ ਮ੍ਰਿਤਕ ਦੇਹ ਲੈਣ 'ਚ ਆ ਰਹੀ ਮੁਸ਼ਕਲ

ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਲੋਕ ਚਾਰ ਦਿਨ ਤੋਂ ਹਸਪਤਾਲ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਅਜੇ ਤੱਕ ਲਾਸ਼ਾਂ ਨਹੀਂ ਮਿਲੀਆਂ।

ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਪੁਲਿਸ


ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਲੋਕਾਂ ਨੂੰ ਯਕੀਨ ਦਿਵਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ 'ਚ ਲੋਕਾਂ ਨਾਲ ਗੱਲਬਾਤ ਕਰ ਰਹੀ ਹੈ। ਲੋਕਾਂ ਦੇ ਦਿਲਾਂ 'ਚ ਫੈਲੇ ਡਰ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਕੁਝ ਸਮੇਂ ਲਈ ਹਟਾ ਗਈ ਧਾਰਾ 144

ਦਿੱਲੀ 'ਚ ਪੰਜ ਦਿਨਾਂ ਦੀ ਹਿੰਸਾ ਤੋਂ ਬਾਅਦ ਹਾਲਾਤ ਆਮ ਹੁੰਦੇ ਨਜ਼ਰ ਆ ਰਹੇ ਹਨ। ਨਮਾਜ਼ ਦੇ ਮੱਦੇਨਜ਼ਰ, ਦਿੱਲੀ ਦੇ ਹਿੰਸਾ ਪ੍ਰਭਾਵਿਤ ਉੱਤਰੀ ਪੂਰਬੀ ਜ਼ਿਲ੍ਹੇ ਦੇ ਖਜੂਰੀ ਖਾਸ ਤੇ ਦਿਆਲਪੁਰ ਖੇਤਰਾਂ 'ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਹੈ। ਖੇਤਰ 'ਚ ਸ਼ਾਂਤੀ ਹੈ। ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਜੁਮੇ ਦੀ ਨਮਾਜ਼ ਲਈ ਥੋੜੇ ਸਮੇਂ ਲਈ ਧਾਰਾ 144 ਨੂੰ ਹਟਾ ਦਿੱਤਾ ਜਾਵੇਗਾ।