ਚੰਡੀਗੜ੍ਹ: ਚਰਨਜੀਤ ਚੰਨੀ ਦੇ ਨਵਾਂ ਮੁੱਖ ਮੰਤਰੀ ਬਣਦਿਆਂ ਹੀ CMO ‘ਚ ਨਵੀਂ ਟੀਮ ਦੀ ਤਾਇਨਾਤੀ ਹੋ ਗਈ ਹੈ। ਰਾਹੁਲ ਤਿਵਾੜੀ ਨੂੰ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਹੈ। ਹੁਸਨ ਲਾਲ CM ਦੇ ਪ੍ਰਿੰਸੀਪਲ ਸਕੱਤਰ ਲਾਏ ਗਏ ਹਨ। CMO ‘ਚ ਨਵੀਂ ਟੀਮ ਦੀਆਂ ਤਾਇਨਾਤੀਆਂ ਸ਼ੁਰੂ ਹੋ ਗਈਆਂ ਹਨ।


 


ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਮਗਰੋਂ ਉਨ੍ਹਾਂ ਨਾਲ ਤਾਇਨਾਤ ਟੀਮ ਨੇ ਅਸਤੀਫਾ ਦੇ ਦਿੱਤਾ ਸੀ।


 


ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ।  ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਇੱਥੇ ਮੌਜੂਦ ਸਨ। ਚੰਨੀ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, 'ਕਾਂਗਰਸ ਨੇ ਇੱਕ ਆਮ ਆਦਮੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਜਿੱਥੇ ਮੇਰਾ ਜਨਮ ਹੋਇਆ ਸੀ, ਉੱਥੇ ਛੱਤ ਨਹੀਂ ਸੀ। ਕਾਂਗਰਸ ਪਾਰਟੀ ਨੇ ਗਰੀਬਾਂ ਨੂੰ ਇੱਕ ਮੌਕਾ ਦਿੱਤਾ। ਮੇਰੇ ਕੋਲ ਇੰਨਾ ਰੁਤਬਾ ਨਹੀਂ ਸੀ।'

 

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, 'ਇਹ ਕਿਸਾਨਾਂ ਦੀ ਸਰਕਾਰ ਹੈ। ਜੇਕਰ ਕਿਸਾਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਮੈਂ ਆਪਣਾ ਗਲਾ ਵੱਢ ਕੇ ਦੇ ਦਿਆਂਗਾ। ਜੇਕਰ ਕਿਸਾਨ ਡੁੱਬ ਗਿਆ ਤਾਂ ਦੇਸ਼ ਡੁੱਬ ਜਾਵੇਗਾ। ਅਰਥ ਵਿਵਸਥਾ ਡੁੱਬ ਜਾਵੇਗੀ। ਖੇਤੀ ਖੁਸ਼ਹਾਲ ਹੋਵੇਗੀ ਤਾਂ ਹੀ ਪੰਜਾਬ ਖੁਸ਼ ਹੋਵੇਗਾ। ਪੰਜਾਬ ਦਾ ਕਿਸਾਨ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ।'

 

ਚਰਨਜੀਤ ਸਿੰਘ ਚੰਨੀ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ, 'ਕਿਸਾਨਾਂ ਲਈ ਬਿਜਲੀ ਮੁਫਤ ਹੋਣੀ ਚਾਹੀਦੀ ਹੈ। ਸਾਡੀ ਸਰਕਾਰ ਵੱਲੋਂ ਕਿਸਾਨਾਂ ਦੇ ਵੱਡੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ। ਜੇ ਕਿਸੇ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ, ਤਾਂ ਅਸੀਂ ਉਸ ਦੇ ਘਰ ਬਿਜਲੀ ਬਹਾਲ ਕਰਾਂਗੇ। ਇਹ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਕਿਸੇ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ। ਕਾਨੂੰਨ ਸਾਰਿਆਂ ਲਈ ਸਮਾਨ ਹੋਵੇਗਾ।'