ਬਰਨਾਲਾ: ਬਰਨਾਲਾ ਦੇ ਸ਼ਹਿਰ ਤਪਾ ਮੰਡੀ ਵਿੱਚ 15 ਕੌਂਸਲਰਾਂ ਵਿੱਚੋਂ ਪ੍ਰਧਾਨ ਚੁਣਨ ਲਈ ਚੋਣ ਰੱਖੀ ਗਈ ਸੀ। ਇਸ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਕਾਂਗਰਸ ਸਰਕਾਰ ਤੇ ਪੁਲਿਸ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਅਕਾਲੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਪ੍ਰਧਾਨਗੀ ਲਈ ਉਨ੍ਹਾਂ ਕੋਲ ਬਹੁਮਤ ਸੀ, ਪਰ ਪੁਲਿਸ ਨੇ ਉਨ੍ਹਾਂ ਦਾ ਇੱਕ ਕੌਂਸਲਰ ਧੱਕੇ ਨਾਲ ਚੁੱਕ ਲਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਵੋਟ ਨਾਲ ਕਾਂਗਰਸ ਦਾ ਪ੍ਰਧਾਨ ਬਣਿਆ ਹੈ।


 


ਅਕਾਲੀ ਕੌਂਸਲਰਾਂ ਵੱਲੋਂ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਗਈ। ਉੱਥੇ ਹੀ ਚੋਣ ਦੌਰਾਨ ਬਣੇ ਪ੍ਰਧਾਨ ਅਨਿਲ ਕੁਮਾਰ ਤੇ ਵਾਈਸ ਪ੍ਰਧਾਨ ਡਾ. ਸੋਨਿਕਾ ਬਾਂਸਲ ਨੇ ਕਾਂਗਰਸ ਪਾਰਟੀ ਤੇ ਸਮਰੱਥਕ ਕੌਂਸਲਰਾਂ ਦਾ ਧੰਨਵਾਦ ਕੀਤਾ। ਪ੍ਰਧਾਨਗੀ ਦੀ ਚੋਣ ਹੋਣ ਤੋਂ ਬਾਅਦ ਨਵੇਂ ਚੁਣੇ ਪ੍ਰਧਾਨ ਦੇ ਸਮਰੱਥਕਾਂ ਵੱਲੋਂ ਕੋਰੋਨਾਵਾਇਰਸ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆ ਉਠਾਈਆਂ ਗਈਆਂ। ਇਸ ਦੌਰਾਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਕੋਰੋਨਾ ਨਿਯਮਾਂ ਨੂੰ ਭੰਗ ਹੁੰਦੇ ਦੇਖਦਾ ਰਿਹਾ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।   


 


ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਕੌਂਸਲਰਾਂ ਨੇ ਕਿਹਾ ਕਿ ਤਪਾ ਨਗਰ ਕੌਂਸਲ ਦੀ ਪ੍ਰਧਾਨਗੀ ਲਈ 15 ਕੌਂਸਲਰਾਂ ਵਿੱਚੋਂ ਚੋਣ ਕੀਤੀ ਜਾਣੀ ਸੀ। ਉਨ੍ਹਾਂ ਕੋਲ 8 ਕੌਂਸਲਰਾਂ ਦਾ ਬਹੁਮਤ ਸੀ, ਜਦਕਿ ਕਾਂਗਰਸ ਕੋਲ ਸਿਰਫ਼ 7 ਕੌਂਸਲਰ ਸੀ ਪਰ ਪੁਲਿਸ ਵੱਲੋਂ ਚੋਣ ਤੋਂ ਬਿਲਕੁਲ ਮੌਕੇ ’ਤੇ ਉਨ੍ਹਾਂ ਦੇ ਹੱਕ ਦਾ ਇੱਕ ਕੌਂਸਲਰ ਚੁੱਕ ਲਿਆ ਗਿਆ। ਹਾਈਕੋਰਟ ਵੱਲੋਂ ਪੁਲਿਸ ਨੂੰ ਹਦਾਇਤ ਕੀਤੀ ਗਈ ਕਿ ਕੌਂਸਲਰਾਂ ਨੂੰ ਸੁਰੱਖਿਆ ਦੇਣੀ ਹੈ, ਪਰ ਪੁਲਿਸ ਪ੍ਰਸ਼ਾਸ਼ਨ ਹੀ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਿਹਾ ਜਾਂਦਾ ਹੈ ਕਿ ਉਹ ਵਿਕਦੀ ਨਹੀਂ, ਅੱਜ ਉਸੇ ਪਾਰਟੀ ਦਾ ਵਿਧਾਇਕ ਕਾਂਗਰਸੀ ਕੌਂਸਲਰਾਂ ਦੇ ਹੱਕ ਵਿੱਚ ਵੋਟ ਪਾ ਕੇ ਪ੍ਰਧਾਨਗੀ ਜਿਤਾ ਕੇ ਗਿਆ ਹੈ।


 


ਉਨ੍ਹਾਂ ਕਿਹਾ ਕਿ ਚੋਣ ਦੌਰਾਨ ਸ਼ਰੇਆਮ ਧੱਕਾ ਹੋਇਆ ਹੈ ਜਿਸ ਕਰਕੇ ਇਸ ਦੀ ਦੁਬਾਰਾ ਚੋਣ ਕਰਵਾਈ ਜਾਵੇ। ਉੱਥੇ ਇਸ ਚੋਣ ਦੌਰਾਨ ਨਗਰ ਕੌਂਸਲ ਦੌਰਾਨ ਬਣੇ ਪ੍ਰਧਾਨ ਅਨਿਲ ਕੁਮਾਰ ਤੇ ਵਾਈਸ ਪ੍ਰਧਾਨ ਡਾ. ਸੋਨਿਕਾ ਬਾਂਸਲ ਨੇ ਆਪਣੀ ਇਸ ਚੋਣ ’ਤੇ ਕਾਂਗਰਸੀ ਪਾਰਟੀ, ਆਪਣੇ ਸਮੱਰਥਕ ਕੌਂਸਲਰਾਂ ਤੇ ਤਪਾ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਮਾਣ ਸ਼ਹਿਰ ਦੇ ਲੋਕਾਂ ਨੇ ਬਖ਼ਸਿਆ ਹੈ, ਉਹ ਉਸ ’ਤੇ ਪੂਰੇ ਖ਼ਰੇ ਉਤਰਣਗੇ। ਸ਼ਹਿਰ ਦੇ ਵਿਕਾਸ ਲਈ ਉਹ ਪੂਰਾ ਯਤਨ ਕਰਨਗੇ।