ਅੰਬਾਲਾ: ਹਰਿਆਣਾ ਸਰਕਾਰ ਨੇ ਅੰਬਾਲਾ ਰੇਂਜ ਦੇ ਡੀਆਈਜੀ (ਵਿਜੀਲੈਂਸ) ਅਸ਼ੋਕ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ। ਹਰਿਆਣਾ ਪੁਲਿਸ ਨੇ ਅੰਬਾਲਾ ਰੇਂਜ ਦੇ ਡੀਆਈਜੀ (ਵਿਜੀਲੈਂਸ) ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅੰਬਾਲਾ ਸਦਰ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਹੈ।

 

ਅੰਬਾਲਾ ਸਦਰ ਥਾਣੇ ਦੇ ਐਸਐਚਓ ਵਿਜੈ ਕੁਮਾਰ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਵੱਲੋਂ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ 4 ਤੋਂ 5 ਟੀਮਾਂ ਬਣਾਈਆਂ ਗਈਆਂ ਹਨ ਜੋ ਡੀਆਈਜੀ ਅਸ਼ੋਕ ਕੁਮਾਰ ਦੀ ਭਾਲ ਕਰ ਰਹੀਆਂ ਹਨ।

 

ਡੀਆਈਜੀ ਤੇ ਮੰਤਰੀ ਦੇ ਭਰਾ ਵਿਚਾਲੇ ਜਨਮ ਦਿਨ ਪਾਰਟੀ ਦੌਰਾਨ ਕੁਝ ਝਗੜਾ ਹੋ ਗਿਆ ਸੀ। ਕਪਿਲ ਵਿਜ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਡੀਆਈਜੀ ਅਸ਼ੋਕ ਕੁਮਾਰ ਨੇ ਬਿਨਾ ਕਿਸੇ ਕਾਰਨ ਕਥਿਤ ਤੌਰ ਉੱਤੇ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਵੀ ਦਿੱਤੀ। 

 

ਇਹ ਮਾਮਲਾ ਰਾਤੀਂ 2:30 ਵਜੇ ਦਾ ਹੈ। ਕਪਿਲ ਵਿਜ ਸ਼ਾਸਤਰੀ ਕਾਲੋਨੀ ਦੇ ਨਿਵਾਸੀ ਰਾਜੇਸ਼ ਨਾਲ ਜਨਮ ਦਿਨ ਦੀ ਪਾਰਟੀ ਲਈ ਸਰਹਿੰਦ ਕਲੱਬ ਗਏ ਸਨ। ਵਿਜ ਨੇ ਦੋਸ਼ ਲਾਇਆ ਕਿ ਡੀਆਈਜੀ ਵਿਜੀਲੈਂਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਪੁਲਿਸ ’ਚ ਵੱਡੇ ਅਹੁਦੇ ’ਤੇ ਹੈ ਤੇ ਕੋਈ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ।