ਚੰਡੀਗੜ੍ਹ: ਅਕਾਲੀ ਲੀਡਰ ਦੇ ਬਾਦਲ ਪਰਿਵਾਰ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਨੂੰ ਆਪਣੇ ਨਾਂ ਨਾਲ ਡਿਫਾਲਟਰ ਲੱਗਣ ਦਾ ਕੋਈ ਇਤਰਾਜ਼ ਨਹੀਂ। ਇਹ ਗੱਲ ਕੋਲਿਆਂਵਾਲੀ ਨੇ ਬੈਂਕ ਡਿਫ਼ਾਲਟਰ ਐਲਾਨੇ ਜਾਣ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ਦੌਰਾਨ 'ਏਬੀਪੀ ਸਾਂਝਾ' ਨੂੰ ਦੱਸੀ ਹੈ। ਕੋਲਿਆਂਵਾਲੀ ਨੇ ਇਸ ਕਾਰਵਾਈ ਨੂੰ ਕਾਂਗਰਸ ਦੀ ਬਦਲਾਖੋਰੀ ਸਿਆਸਤ ਦਾ ਨਤੀਜਾ ਦੱਸਿਆ ਪਰ ਕੋਲਿਆਂਵਾਲੀ ਇੰਟਰਵਿਊ ਦੇ ਅੰਤ 'ਚ 'ਏਬੀਪੀ ਸਾਂਝਾ' ਦੇ ਸਵਾਲਾਂ ਤੋਂ ਭੱਜ ਖੜ੍ਹੇ ਹੋਏ।
ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਹ ਜਲਦ ਕਰਜ਼ ਵਾਪਸ ਕਰ ਦੇਣਗੇ। ਕੋਲਿਆਂਵਾਲੀ ਸਹਿਕਾਰੀ ਬੈਂਕ ਦੇ 1 ਕਰੋੜ 2 ਲੱਖ ਤੋਂ ਵੱਧ ਦਾ ਕਰਜ਼ਾ ਨਾ ਮੋੜਨ ਕਰਕੇ ਡਿਫਾਲਟਰ ਬਣ ਗਏ ਹਨ। ਬੁੱਧਵਾਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਲਿਆਂਵਾਲੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਕੋਲਿਆਂਵਾਲੀ ਨੇ ਕਿਹਾ ਕਿ ਨਾਂ ਨਾਲ ਡਿਫਾਲਟਰ ਲੱਗਣ ਦਾ ਕੋਈ ਇਤਰਾਜ਼ ਨਹੀਂ ਕਿਉਂਕਿ ਵੱਡੇ-ਵੱਡੇ ਲੋਕ ਕਰਜ਼ਈ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਜ਼ਿਆਦਾ ਵੱਡੇ ਲੋਨ ਵਾਪਸ ਕਰਨ ਵਾਲੇ ਵੀ ਬੈਠੇ ਹਨ ਤੇ ਰੰਧਾਵਾ ਦੀ ਉਨ੍ਹਾਂ ਵਿਰੁੱਧ ਕਾਰਵਾਈ ਬਦਲਾਖੋਰੀ ਦੀ ਸਿਆਸਤ ਦਾ ਨਤੀਜਾ ਹੈ। ਕੋਲਿਆਂਵਾਲੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਕਰਜ਼ ਮਾਫ ਕਰਨ ਵੱਲ ਧਿਆਨ ਦੇਵੇ।