ਦਿਸਪੁਰ: ਅਸਾਮ 'ਚ ਬੁੱਧਵਾਰ ਸਵੇਰੇ ਭੂਚਾਲ ਆਉਣ ਕਾਰਨ ਹਫੜਾ-ਦਫੜੀ ਮੱਚ ਗਈ। ਸਵੇਰੇ 10 ਮਿੰਟ ਦੇ ਅੰਦਰ ਹੀ ਭੂਚਾਲ ਦੇ ਤਿੰਨ ਵੱਡੇ ਝਟਕਿਆਂ ਨੇ ਲੋਕਾਂ ਨੂੰ ਡਰਾ ਦਿੱਤਾ। ਅਸਾਮ ਤੇ ਬੰਗਾਲ ਸਮੇਤ ਕੁਝ ਹੋਰ ਉੱਤਰ-ਪੂਰਬੀ ਸੂਬਿਆਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਸਵੇਰੇ 7.51 ਵਜੇ ਸੋਨਿਤਪੁਰ ਜ਼ਿਲ੍ਹੇ 'ਚ ਆਇਆ। ਇਸ ਤੋਂ ਬਾਅਦ 7.58 ਵਜੇ ਅਤੇ 8.01 ਵਜੇ ਭੂਚਾਲ ਦੇ ਦੋ ਹੋਰ ਝਟਕੇ ਆਏ। ਇਹ ਭੂਚਾਲ ਦੇ ਝਟਕੇ ਲੜੀਵਾਰ 4.3 ਤੇ 4.4 ਤੀਬਰਤਾ ਦੇ ਦਰਜ ਕੀਤੇ ਗਏ।
ਇਸ ਦੌਰਾਨ ਅਸਾਮ ਦੇ ਸਿਹਤ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਨੇ ਟਵੀਟ ਕੀਤਾ ਕਿ ਭੂਚਾਲ ਦਾ ਕੇਂਦਰ ਸੋਨਿਤਪੁਰ ਜ਼ਿਲ੍ਹੇ ਦਾ ਢੇਕਿਆਜੁਲੀ ਸੀ। ਉਨ੍ਹਾਂ ਨੇ ਇਕ ਵੀਡੀਓ ਵੀ ਟਵੀਟ ਕੀਤਾ ਅਤੇ ਦਾਅਵਾ ਕੀਤਾ ਕਿ ਇਹ ਭੂਚਾਲ ਦੇ ਕੇਂਦਰ ਵਾਲੀ ਥਾਂ ਦੀ ਵੀਡੀਓ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਭੂਚਾਲ ਦੇ ਕੇਂਦਰ ਵਾਲੇ ਢੇਕਿਆਜੁਲੀ ਦੇ ਨਾਰਾਇਣਪੁਰ 'ਚ ਇਕ ਝੋਨੇ ਦੇ ਖੇਤ ਦੀ ਹੈ, ਜਿੱਥੇ ਧਰਤੀ 'ਚੋਂ ਪਾਣੀ ਬਾਹਰ ਆਉਣ ਲੱਗਾ।
ਦੱਸ ਦੇਈਏ ਕਿ ਅਸਾਮ ਦੇ ਬਹੁਤੇ ਹਿੱਸਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਲੋਕ ਘਰਾਂ ਅਤੇ ਹੋਰ ਥਾਵਾਂ ਤੋਂ ਬਾਹਰ ਆ ਗਏ।
ਸੋਨਿਤਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਤੇਜਪੁਰ, ਗੁਹਾਟੀ ਅਤੇ ਹੋਰ ਕਈ ਥਾਵਾਂ 'ਤੇ ਕਈ ਇਮਾਰਤਾਂ 'ਚ ਤਰੇੜਾਂ ਆਈਆਂ ਹਨ। ਫਿਲਹਾਲ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਧਰਤੀ ਤੋਂ 17 ਕਿਲੋਮੀਟਰ ਅੰਦਰ ਸੀ।