ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ 18 ਮਈ ਤੋਂ ਬਾਅਦ ਪੰਜਾਬ ਵਿੱਚ ਕਰਫਿਊ ਖਤਮ ਹੋ ਜਾਵੇਗਾ ਤੇ ਜਲਦੀ ਹੀ ਕਦਮਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 31 ਮਈ ਤੱਕ ਸੂਬੇ  ਵਿੱਚ ਲੌਕਡਾਊਨ ਜਾਰੀ ਰਹੇਗਾ। ਇਸ ਦੌਰਾਨ ਗੈਰ ਕੰਟੇਂਟਮੈਂਟ ਜ਼ੋਨ ‘ਚ ਦੁਕਾਨਾਂ ਤੇ ਛੋਟੇ ਕਾਰੋਬਾਰਾਂ ਨੂੰ ਛੋਟ ਮਿਲੇਗੀ।


ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨ ਨੂੰ ਸਖ਼ਤੀ ਨਾਲ ਸੀਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗੈਰ-ਕੰਟੇਂਟਮੈਂਟ ਜ਼ੋਨ ਵਿੱਚ ਦੁਕਾਨਾਂ ਤੇ ਛੋਟੇ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਸੋਮਵਾਰ ਤੱਕ ਕੇਂਦਰ ਦੀਆਂ ਲੌਕਡਾਊਨ 4.0 ਦੇ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਛੋਟਾਂ ਦੇ ਵੇਰਵਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦਿਅਕ ਸੰਸਥਾਵਾਂ ਬੱਚਿਆਂ ਦੀ ਸੁਰੱਖਿਆ ਲਈ ਬੰਦ ਰਹਿਣਗੀਆਂ।


ਕੈਪਟਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜੇ ਗਏ ਸੁਝਾਵਾਂ ‘ਚ ਉਨ੍ਹਾਂ ਨੇ 31 ਮਈ ਤੱਕ ਰਾਸ਼ਟਰੀ ਲੌਕਡਾਊਨ ਵਧਾਉਣ ਦੀ ਸਿਫਾਰਸ਼ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਲਈ ਰਿਆਇਤਾਂ ਵਧਾਉਣ ਲਈ ਵੀ ਕਿਹਾ ਹੈ। ਹੁਣ ਦੇਸ਼ ‘ਚ ਗ੍ਰੀਨ, ਓਰੇਂਜ ਤੇ ਰੈੱਡ ਜ਼ੋਨਾਂ ਦੀ ਬਜਾਏ, ਸ਼ਹਿਰਾਂ ਨੂੰ ਕੰਟੇਨਮੈਂਟ ਤੇ ਨਾਨ-ਕੰਟੇਨਮੈਂਟ ਜ਼ੋਨਾਂ ‘ਚ ਵੰਡਿਆ ਜਾਣਾ ਚਾਹੀਦਾ ਹੈ। ਇਸ ਨਾਲ ਇੱਕ ਛੋਟੇ ਖੇਤਰ ਵਿੱਚ ਕੋਰੋਨਾਵਾਇਰਸ ਦੇ ਪ੍ਰਭਾਵ ਦੇ ਕਾਰਨ ਪੂਰੇ ਸ਼ਹਿਰ ਜਾਂ ਜ਼ਿਲ੍ਹੇ ਨੂੰ ਬੰਦ ਨਹੀਂ ਕੀਤਾ ਜਾਵੇਗਾ। ਵਪਾਰਕ ਤੇ ਉਦਯੋਗਕ ਗਤੀਵਿਧੀਆਂ ਅਜਿਹੇ ਖੇਤਰਾਂ ਵਿੱਚ ਕੀਤੀਆਂ ਜਾ ਸਕਦੀਆਂ ਹਨ।