ਚੰਡੀਗੜ੍ਹ: ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਵੱਲੋਂ ਚੋਣ ਲੜਨ ਦੇ ਦਾਅਵੇ 'ਤੇ ਯੂ-ਟਰਨ ਲੈ ਲਿਆ ਹੈ। ਚੜੂਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੰਜਾਬ ਵਿੱਚ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ, ਸਗੋਂ ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਆਖਿਆ ਸੀ ਕਿ ਉਹ ਅੱਗੇ ਲੱਗਣ ਕਿਉਂਕਿ ਪੰਜਾਬ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਵਸਥਾ ਬਦਲਣ ਦੀ ਲੋੜ ਹੈ।

ਚੜੂਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਕੋਈ ਸਿਆਸੀ ਪਾਰਟੀ ਬਣਾ ਰਹੇ ਹਨ ਤੇ ਨਾ ਹੀ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੈਂ ਜੋ ਵੀ ਕਿਹਾ, ਉਹ ਸਿਰਫ ਮੇਰੇ ਵਿਚਾਰ ਸਨ ਨਾ ਕਿ ਫੈਸਲਾ।’’ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਸਿਰਫ ਇਹ ਕਿਹਾ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਕੋਲ ਕੋਈ ਹੋਰ ਬਦਲ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕੱਠਾ ਹੋ ਕੇ ਮੌਜੂਦਾ ਹਾਲਾਤ ਨੂੰ ਬਦਲਣਾ ਚਾਹੀਦਾ ਹੈ।

ਦਰਅਸਲ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ਵਿੱਚ ਬਣੇ ਮਾਹੌਲ ਵਿਚਾਲੇ ਚਰਚਾ ਛਿੜੀ ਹੈ ਕਿ ਕਿਸਾਨਾਂ ਨੂੰ ਸਿੱਧਾ ਚੋਣ ਮੈਦਾਨ ਵਿੱਚ ਨਿੱਤਰਣਾ ਚਾਹੀਦਾ ਹੈ। ਸੱਤਾ ਦੀ ਚਾਬੀ ਆਪਣੇ ਹੱਥ ਲੈ ਕੇ ਕਿਸਾਨ ਤੇ ਮਜ਼ਦੂਰ ਦੇ ਹਿੱਤਾਂ ਵਿੱਚ ਫੈਸਲੇ ਕਰਨੇ ਚਾਹੀਦੇ ਹਨ। ਇਸ ਚਰਚਾ ਸੋਸ਼ਲ ਮੀਡੀਆ ਉੱਪਰ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਕਿਸਾਨ ਲੀਡਰ ਇਸ ਤੋਂ ਟਾਲਾ ਵੱਟ ਰਹੇ ਹਨ। ਇਸ ਬਾਰੇ ਹੀ ਪਿਛਲੇ ਦਿਨੀਂ ਚੜੂਨੀ ਨੇ ਪਿਛਲੇ ਦਿਨੀਂ ਕਿਹਾ ਸੀ ਕਿਸਾਨਾਂ ਨੂੰ ਚੋਣ ਲੜਨੀ ਚਾਹੀਦੀ ਹੈ।

ਚੜੂਨੀ ਦੇ ਬਿਆਨ ਮਗਰੋਂ ਮੀਡੀਆ ਵਿੱਚ ਕਾਫੀ ਰੌਲਾ ਪਿਆ ਸੀ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਚੜੂਨੀ ਦੇ ਬਿਆਨ ਦਾ ਵਿਰੋਧ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਕਿਸਾਨ ਜਥੇਬੰਦੀਆਂ ਚੋਣ ਨਹੀਂ ਲੜਨਗੀਆਂ। ਇਸ ਬਾਰੇ ਚੜੂਨੀ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਰਾਜੇਵਾਲ ਤੇ ਪੰਜਾਬ ਉਨ੍ਹਾਂ ਦੇ ਵੱਡੇ ਭਰਾ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਕਿਸਾਨ, ਮਜ਼ਦੂਰ, ਵਪਾਰੀ ਤੇ ਮੁਲਾਜ਼ਮ ਵਰਗ ਸਾਰੇ ਦੁੱਖੀ ਹਨ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿੱਚ ਭਾਜਪਾ ਨੂੰ ਸ਼ੀਸ਼ਾ ਜ਼ਰੂਰ ਦਿਖਾਇਆ ਜਾਵੇਗਾ।

ਚੜੂਨੀ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਦੇਸ਼ ਦੀ ਜਨਤਾ ਦਾ ਸ਼ੋਸ਼ਣ ਕਰ ਰਿਹਾ ਹੈ ਤੇ ਜਲਦੀ ਹੀ ਉਸ ਦੇ ਹੰਕਾਰ ਦਾ ਘੜਾ ਫੁੱਟੇਗਾ। ਉਨ੍ਹਾਂ ਕਿਹਾ ਕਿ ਜੋ ਹਾਲ ਭਾਜਪਾ ਦਾ ਪੱਛਮੀ ਬੰਗਾਲ ਵਿੱਚ ਹੋਇਆ ਹੈ, ਉਹੀ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਸੂਬਿਆਂ ’ਚ ਹੋਵੇਗਾ। ਕਿਸਾਨ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਲੜ ਰਹੇ ਹਨ। ਉਨ੍ਹਾਂ ਕਿਹਾ, ‘‘ਤੁਸੀਂ ਆਪਣੇ ਵਿੱਚੋਂ ਚੰਗੇ, ਸਾਫ਼-ਸੁਥਰੇ ਉਮੀਦਵਾਰ ਚੁਣੋ ਜੋ ਤੁਹਾਡੇ ਲਈ ਲੜ ਰਹੇ ਹਨ ਤਾਂ ਜੋ ਪੰਜਾਬ ਨੂੰ ਇੱਕ ਮਾਡਲ ਵਜੋਂ ਪੇਸ਼ ਕੀਤਾ ਜਾ ਸਕੇ।’’