ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ 'ਚ ਦੇਰੀ ਕਰਨ ਦੇ ਸਬੰਧ 'ਚ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇ। ਜਿਸ ਨੂੰ ਦੇਖਦੇ ਹੋਏ ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਘਿਰਾਓ ਕਿੱਤਾ ਅਤੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲ਼ਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੰਤਰੀ ਦੀ ਕੋਠੀ ਦੇ ਬਾਹਰ ਭਾਰੀ ਪੁਲਿਸ ਬਲ ਤੈਨਾਤ ਸੀ। 


 


ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ, ਕੇਂਦਰ ਦੀ ਮੋਦੀ ਸਰਕਾਰ 'ਤੇ ਦਬਾਅ ਬਣਾਵੇ ਤਾਂ ਕਿ ਝੋਨੇ ਦੀ ਖਰੀਦ ਜਲਦੀ ਹੋ ਸਕੇ। ਧਰਨਾ ਦੇ ਰਹੇ ਕਿਸਾਨ ਮਨਜੀਤ ਸਿੰਘ, ਸਤਨਾਮ ਸਿੰਘ ਅਤੇ ਕਸ਼ਮੀਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਸਾਨੂੰ ਕਾਲ ਦਿੱਤੀ ਸੀ, ਕਿ ਸਰਕਾਰੀ ਤੌਰ 'ਤੇ ਝੋਨੇ ਦੀ ਲੇਟ ਹੋਈ ਖਰੀਦ ਕਰਕੇ ਡੀਸੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇ, ਪਰ ਅੱਜ ਛੁਟੀ ਹੋਣ ਕਾਰਨ ਡੀਸੀ ਦਫਤਰ ਬੰਦ ਸੀ, ਜਿਸ ਕਰਕੇ ਸੰਯੁਕਤ ਕਿਸਾਨ ਮੋਰਚਾ ਦੇ ਕਹਿਣ 'ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਕੋਠੀਆਂ ਦਾ ਘਿਰਾਓ ਕੀਤਾ ਗਿਆ ਹੈ। 


 


ਉਨ੍ਹਾਂ ਨੇ ਕਿਹਾ ਕਿ ਮੋਸਚਰ ਦੇਖ ਕੇ ਹੀ ਝੋਨਾ ਲੈਣਾ ਹੈ ਤਾਂ ਅੱਜ ਹੀ ਲੈ ਲਵੋ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਡੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਝੋਨੇ ਦੀ ਸਰਕਾਰੀ ਖਰੀਦ ਵਿੱਚ ਦੇਰੀ ਕੀਤੀ ਹੈ। ਕਿਉਂਕਿ ਦਾਣਾ ਮੰਡੀਆਂ 'ਚ ਝੋਨਾ ਪਹੁੰਚ ਚੁਕਾ ਹੈ, ਪਰ ਹੁਣ ਖਰੀਦ 'ਚ ਦੇਰੀ ਹੋ ਰਹੀ ਹੈ। ਅਸੀਂ ਇਨ੍ਹੀ ਫਸਲ ਕਿਥੇ ਰਖਾਂਗੇ। ਦਿੱਲੀ ਦੀਆਂ ਬਰੂਹਾਂ 'ਤੇ ਸਾਡੇ ਸੱਤ ਸੌ ਦੇ ਖਰੀਬ ਕਿਸਾਨ ਸ਼ਹੀਦ ਹੋ ਗਏ ਹਨ, ਪਰ ਕਿਸੇ ਦੇ ਸਿਰ 'ਤੇ ਜੂੰ ਤੱਕ ਨਹੀਂ ਸਰਕ ਰਹੀ। ਸਭ ਪਾਸਿਆਂ ਤੋਂ ਸਾਨੂੰ ਦਿਲਾਸਾ ਹੀ ਦਿੱਤਾ ਜ਼ਾ ਰਿਹਾ ਹੈ। 


 


ਕਿਸਾਨਾਂ ਦੇ ਧਰਨੇ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਖੁਦ ਕਿਸਾਨਾਂ ਨੂੰ ਮਿਲਣ ਆਏ ਅਤੇ ਕਿਸਾਨਾਂ ਨਾਲ ਗੱਲ ਕੀਤੀ। ਇਸ ਦੌਰਾਨ ਮੰਤਰੀ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੀ ਨੀਅਤ ਮਾੜੀ ਹੈ, ਜਿਸ ਕਰਕੇ ਉਹ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੀਟਿੰਗ ਕੀਤੀ ਹੈ ਅਤੇ ਝੋਨੇ ਦੀ ਜਲਦੀ ਖਰੀਦ ਬਾਰੇ ਕਿਹਾ ਹੈ, ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਹੁਤ ਚਿੰਤਾ ਹੈ ਅਤੇ ਉਹ ਹਰ ਸਮੇਂ ਕਿਸਾਨਾਂ ਨਾਲ ਖੜੀ ਹੈ।