ਬਟਾਲਾ: ਕਿਸਾਨਾਂ ਵਲੋਂ ਬੀਜੇਪੀ ਦੇ ਸਾਬਕਾ ਸ਼ਵੇਤ ਮਲਿਕ ਦਾ ਬਟਾਲਾ ਵਿਖੇ ਘਿਰਾਓ ਕੀਤਾ ਗਿਆ।ਦਰਅਸਲ ਭਾਰਤੀ ਕਿਸਾਨ ਮਜ਼ਦੂਰ ਏਕਤਾ ਦੇ ਬੈਨਰ ਹੇਠ ਬਟਾਲਾ ਵਿਖੇ ਕਿਸਾਨ ਮੋਦੀ ਸਰਕਾਰ, ਅਡਾਨੀ ਅਤੇ ਅੰਬਾਨੀ ਦਾ ਪੁਤਲਾ ਫੂਕ ਰਹੇ ਸੀ, ਜਿਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬਟਾਲਾ ਕਲੱਬ ਵਿਖੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਬੀਜੇਪੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ।
ਇਸ ਦੌਰਾਨ ਸਾਰੇ ਕਿਸਾਨ ਬਟਾਲਾ ਕਲੱਬ ਪਹੁੰਚੇ ਅਤੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਸ਼ਵੇਤ ਮਲਿਕ ਦੀ ਮੀਟਿੰਗ ਵਾਲੀ ਜਗ੍ਹਾ ਦਾ ਘਿਰਾਓ ਕੀਤਾ। ਨਾਅਰੇਬਾਜ਼ੀ ਕਰਦਿਆਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਪੁਲਿਸ ਨੇ ਬਟਾਲਾ ਕਲੱਬ ਦੇ ਪਿਛਲੇ ਗੇਟ ਤੋਂ ਬਾਹਰ ਲਿਜਾ ਕੇ ਵਾਪਸ ਭੇਜ ਦਿੱਤਾ। ਆਪਣੀ ਮੀਟਿੰਗ ਜਲਦੀ ਖਤਮ ਕਰ ਸ਼ਵੇਤ ਮਲਿਕ ਪਿਛਲੇ ਦਰਵਾਜ਼ੇ ਤੋਂ ਖਿਸਕਦੇ ਦਿਖਾਈ ਦਿੱਤੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਵੀ ਦੂਰ ਰਹੇ।
ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਸੜਕਾਂ 'ਤੇ ਦਿਖਾਈ ਦੇ ਰਹੇ ਹਨ, ਦੂਜੇ ਪਾਸੇ ਅੰਬਾਨੀ ਦੇ ਪਿਆਰੇ ਭਾਜਪਾ ਆਗੂ ਨੇ ਨਗਰ ਨਿਗਮ ਚੋਣਾਂ ਲਈ ਕਿਸਾਨਾਂ ਤੋਂ ਲੁਕੋ ਕੇ ਮੀਟਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਨੂੰ ਕਿਸਾਨਾਂ ਨਾਲ ਵੀ ਆਹਮੋ-ਸਾਹਮਣੇ ਬੈਠਕ ਕਰਨੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਣ ਅਤੇ ਭਾਜਪਾ ਆਗੂ ਵੀ ਆਪਣਾ ਸਪਸ਼ਟੀਕਰਨ ਦੇ ਸਕਣ।
ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਸੀ ਕਿ ਅਜੇ ਤੱਕ ਭਾਜਪਾ ਦੀਆਂ ਮੀਟਿੰਗਾਂ ਦਾ ਘਿਰਾਓ ਕੀਤਾ ਗਿਆ ਹੈ, ਜੇਕਰ ਕੇਂਦਰ ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਆਗੂਆਂ ਨੂੰ ਆਪਣਾ ਘਰ ਨਹੀਂ ਛੱਡਣ ਦਿੱਤਾ ਜਾਵੇਗਾ।