ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਦੋ-ਟੁੱਕ ਜਵਾਬ ਦਿੱਤਾ ਹੈ। ਅੰਦਲੋਨ ਖਤਮ ਕਰਨ ਦੀ ਅਪੀਲ ਤੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਮੱਦਾਂ ’ਤੇ ਮੁੜ ਤੋਂ ਗੱਲਬਾਤ ਦੀ ਪੇਸ਼ਕਸ਼ ਦਾ ਸਖਤ ਲਹਿਜ਼ੇ ਵਿੱਚ ਜਵਾਬ ਦਿੰਦਿਆਂ ਕਿਸਾਨਾਂ ਨੇ ਖੇਤੀ ਮੰਤਰੀ ਦੇ ਤਾਜ਼ਾ ਬਿਆਨ ਨੂੰ ਭੜਕਾਊ ਤੇ ਆਪਾ ਵਿਰੋਧੀ ਕਰਾਰ ਦਿੱਤਾ ਹੈ।


 


ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਤੋਮਰ ਇਤਰਾਜ਼ਾਂ ਨੂੰ ਮੁੜ ਸਾਂਝਾ ਕਰਨ ਲਈ ਕਹਿ ਰਹੇ ਹਨ, ਜਦੋਂਕਿ ਕਿਸਾਨ ਆਗੂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਕਾਨੂੰਨਾਂ ’ਚ ਸੋਧ ਨਹੀਂ ਸਗੋਂ ਉਨ੍ਹਾਂ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕਰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਜੇਪੀ ਮੰਤਰੀ ਅਜਿਹੇ ਗੈਰ-ਜ਼ਿੰਮਵਾਰਾਨਾ ਬਿਆਨ ਦੇ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।


 


ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਦੇ 26 ਜੂਨ ਵਾਲੇ ਐਕਸ਼ਨ ਨੂੰ ਵੇਖ ਕੇਂਦਰ ਸਰਕਾਰ ਮੁੜ ਫਿਕਰਮੰਦ ਹੋ ਗਈ ਹੈ। ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਅੰਦੋਲਨ ਲੰਮਾ ਖਿੱਚਣ ਨਾਲ ਆਪੇ ਹੀ ਖਤਮ ਹੋ ਜਾਏਗਾ। ਸ਼ਨੀਵਾਰ ਨੂੰ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦੇ ਐਕਸ਼ਨ ਨੂੰ ਦੇਸ਼ ਭਰ ਵਿੱਚ ਮਿਲੇ ਹੁੰਗਾਰੇ ਮਗਰੋਂ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ।


 


ਦੇਸ਼ ਭਰ ਵਿੱਚ ਕਿਸਾਨਾਂ ਦੇ ਮਾਰਚ ਦੀਆਂ ਰਿਪੋਰਟਾਂ ਮੀਡੀਆ ਉੱਪਰ ਨਸ਼ਰ ਹੁੰਦਿਆਂ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਦੀਆਂ ਮੱਦਾਂ ’ਤੇ ਕਿਸਾਨਾਂ ਨਾਲ ਮੁੜ ਤੋਂ ਗੱਲਬਾਤ ਲਈ ਤਿਆਰ ਹੈ।


 


ਤੋਮਰ ਨੇ ਟਵੀਟ ਕਰਕੇ ਕਿਹਾ,‘‘ਮੈਂ ਮੀਡੀਆ ਰਾਹੀਂ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਕਿਸਾਨ ਆਪਣਾ ਅੰਦੋਲਨ ਖ਼ਤਮ ਕਰਨ। ਮੁਲਕ ਦੇ ਕਈ ਕਿਸਾਨ ਨਵੇਂ ਕਾਨੂੰਨਾਂ ਦੇ ਪੱਖ ’ਚ ਹਨ। ਫਿਰ ਵੀ ਜੇਕਰ ਕੁਝ ਕਿਸਾਨਾਂ ਨੂੰ ਕਾਨੂੰਨਾਂ ਨੂੰ ਲੈ ਕੇ ਕੋਈ ਮਸਲਾ ਹੈ ਤਾਂ ਭਾਰਤ ਸਰਕਾਰ ਉਨ੍ਹਾਂ ਨੂੰ ਸੁਣਨ ਤੇ ਮੱਦਾਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ।’’


 


ਕਾਬਲੇਗੌਰ ਹੈ ਕਿ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਹੁਣ ਤੱਕ 11 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਤੇ ਆਖਰੀ ਵਾਰਤਾ 22 ਜਨਵਰੀ ਨੂੰ ਹੋਈ ਸੀ। ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਵਾਪਰੀਆਂ ਘਟਨਾਵਾਂ ਮਗਰੋਂ ਵਾਰਤਾ ’ਚ ਖੜੋਤ ਆ ਗਈ ਸੀ। ਇਸ ਮਗਰੋਂ ਸਰਕਾਰ ਨੇ ਕਿਸਾਨਾਂ ਨਾਲ ਕੋਈ ਗੱਲ਼ ਨਹੀਂ ਕੀਤੀ ਸਗੋਂ ਹੋਰ ਤਰੀਕਿਆਂ ਨਾਲ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।