ਮਹਾਰਾਸ਼ਟਰ: ਮਹਾਰਾਸ਼ਟਰ 'ਚ ਅੱਜ ਹੋਣ ਵਾਲੇ ਉਧਵ ਠਾਕਰੇ ਮੰਤਰੀ ਮੰਡਲ ਦੇ ਵਿਸਥਾਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਐਨਸੀਪੀ ਨੇਤਾ ਅਜੀਤ ਪਵਾਰ ਉਪ ਮੁੱਖ ਮੰਤਰੀ ਬਣਨਗੇ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਕਾਂਗਰਸ ਨੇਤਾ ਪ੍ਰਿਥਵੀ ਰਾਜ ਚਵਾਨ ਦਾ ਪੱਤਾ ਕੱਟ ਗਿਆ ਹੈ। ਅੱਜ ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਦੇ ਕੁੱਲ 36 ਮੰਤਰੀ ਸਹੁੰ ਚੁੱਕਣਗੇ। ਸ਼ਿਵ ਸੈਨਾ ਤੇ ਐਨਸੀਪੀ ਕੋਟੇ ਤੋਂ 13-13 ਮੰਤਰੀ ਜਦਕਿ 10 ਮੰਤਰੀ ਕਾਂਗਰਸ ਦੇ ਕੋਟੇ ਤੋਂ ਸਹੁੰ ਚੁੱਕ ਸਕਦੇ ਹਨ।


ਅਜੀਤ ਪਵਾਰ ਨੂੰ ਲੈ ਕੇ ਮਹਾਰਾਸ਼ਟਰ ਦੇ ਮਾਹਿਰ ਕਹਿੰਦੇ ਹਨ ਕਿ ਸ਼ਰਦ ਪਵਾਰ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਸ਼ਰਦ ਪਵਾਰ ਤੋਂ ਬਾਅਦ ਮਹਾਰਾਸ਼ਟਰ ਦੀ ਰਾਜਨੀਤੀ 'ਚ ਐਨਸੀਪੀ ਦਾ ਦੂਜਾ ਵੱਡਾ ਨਾਂ ਅਜੀਤ ਪਵਾਰ ਹੈ। ਅਜੀਤ ਪਵਾਰ ਦੀ ਪ੍ਰਸ਼ਾਸਨ ਦੀ ਚੰਗੀ ਪਕੜ ਵੀ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਉਧਵ ਠਾਕਰੇ ਵੀ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ 'ਚ ਚਾਹੁੰਦੇ ਸੀ।

ਅਸਲ 'ਚ ਜਾਣਕਾਰੀ ਮੁਤਾਬਕ ਐਨਸੀਪੀ ਵੱਲੋਂ ਅਜੀਤ ਪਵਾਰ ਲਈ ਗ੍ਰਹਿ ਮੰਤਰਾਲੇ ਦੀ ਮੰਗ ਕੀਤੀ ਜਾ ਰਹੀ ਸੀ, ਪਰ ਉਨ੍ਹਾਂ ਨੂੰ ਸ਼ਿਵ ਸੈਨਾ ਦੀ ਵੱਲੋਂ ਵਿੱਤ ਮੰਤਰਾਲੇ ਦਾ ਪ੍ਰਸਤਾਵ ਦਿੱਤਾ ਗਿਆ ਸੀ। ਅਜੀਤ ਪਵਾਰ ਦੇ ਮੰਤਰਾਲੇ ਬਾਰੇ ਦੇਰ ਰਾਤ ਤੱਕ ਵਿਚਾਰ ਵਟਾਂਦਰੇ ਚੱਲਦਾ ਰਿਹਾ। ਇਹ ਮੰਨਿਆ ਜਾਂਦਾ ਹੈ ਕਿ ਉਸ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਸੰਭਾਵਿਤ ਮੰਤਰੀਆਂ ਦੀ ਸੂਚੀ ਸਾਹਮਣੇ ਆ ਗਈ ਹੈ, ਪਰ ਮੰਤਰਾਲਿਆਂ ਨੂੰ ਲੈ ਕੇ ਅਜੇ ਵੀ ਸਸਪੈਂਸ ਬਾਕੀ ਹੈ।

ਦੱਸ ਦੇਈਏ ਕਿ 28 ਨਵੰਬਰ ਨੂੰ 6 ਮੰਤਰੀਆਂ ਨੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਸਹੁੰ ਚੁੱਕੀ ਸੀ, ਜਿਸ ਤੋਂ ਬਾਅਦ ਮੰਤਰੀ ਮੰਡਲ ਵਿਸਥਾਰ ਦੀ ਉਡੀਕ ਕਰ ਰਿਹਾ ਸੀ। ਮੰਤਰੀ ਮੰਡਲ ਦਾ ਵਿਸਥਾਰ ਦੋ ਵਾਰ ਮੁਲਤਵੀ ਹੋ ਚੁੱਕਿਆ ਹੈ ਕਿਉਂਕਿ ਮੰਤਰੀਆਂ ਦੇ ਨਾਵਾਂ ਨੂੰ ਅੰਤਮ ਰੂਪ ਨਹੀਂ ਦਿੱਤਾ ਜਾ ਰਿਹਾ ਸੀ।