ਮਹਿਤਾਬ-ਉਦ-ਦੀਨ
ਚੰਡੀਗੜ੍ਹ: 18 ਸਾਲਾ ਮਨਮੀਤ ਕੌਰ ਨੇ ਹੁਣ ਸ੍ਰੀਨਗਰ ’ਚ ਇੱਕ ਸਿੱਖ ਨੌਜਵਾਨ ਸੁਖਪ੍ਰੀਤ ਸਿੰਘ ਨਾਲ ਵਿਆਹ ਰਚਾ ਲਿਆ ਹੈ। ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਬੀਤੇ ਜੂਨ ਮਹੀਨੇ ਦੇ ਅਰੰਭ ਵਿੱਚ ਮਨਮੀਤ ਕੌਰ ਜਬਰੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਵਿਆਹ ਇੱਕ ਮੁਸਲਿਮ ਲੜਕੇ ਨਾਲ ਕਰਵਾ ਦਿੱਤਾ ਗਿਆ ਸੀ। ਬਾਅਦ ’ਚ ਜਦੋਂ ਪੂਰੀ ਦੁਨੀਆ ਵਿੱਚ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ, ਤਾਂ ਪ੍ਰਸ਼ਾਸਨ ਨੇ ਮਨਮੀਤ ਕੌਰ ਨੂੰ ਉਸ ਦੇ ਪਰਿਵਾਰ ਨਾਲ ਵਾਪਸ ਮਿਲਾ ਦਿੱਤਾ ਸੀ।



 
ਪ੍ਰਾਪਤ ਜਾਣਕਾਰੀ ਅਨੁਸਾਰ ਮਨਮੀਤ ਕੌਰ ਤੇ ਸੁਖਪ੍ਰੀਤ ਸਿੰਘ ਦਾ ਵਿਆਹ ਮੰਗਲਵਾਰ ਨੂੰ ਪੁਲਵਾਮਾ ਦੇ ਗੁਰਦੁਆਰਾ ਸਾਹਿਬ ਪੂਰਨ ਗੁਰ ਮਰਿਆਦਾ ਮੁਤਾਬਕ ਸੰਪੰਨ ਹੋਇਆ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਵਿਆਹ ਦੇ ਤੁਰੰਤ ਬਾਅਦ ਨਵੀਂ ਵਿਆਹੀ ਜੋੜੀ ਤੇ ਉਨ੍ਹਾਂ ਦਾ ਪਰਿਵਾਰ ਨਵੀਂ ਦਿੱਲੀ ਲਈ ਰਵਾਨਾ ਹੋ ਗਿਆ।

ਇੱਧਰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਹਿਲਾਂ ਮਨਮੀਤ ਕੌਰ ਦਾ ਅਸਲ ਵਿੱਚ ਕਿਸੇ ਨਾਲ ਕੋਈ ਵਿਆਹ ਨਹੀਂ ਹੋਇਆ ਸੀ। ਮਨਮੀਤ ਕੌਰ ਤੇ ਸੁਖਪ੍ਰੀਤ ਸਿੰਘ ਪਹਿਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ ਤੇ ਉਨ੍ਹਾਂ ਦਾ ਵਿਆਹ ਬਿਨਾ ਕਿਸੇ ਦਬਾਅ ਦੇ ਸਹਿਮਤੀ ਨਾਲ ਹੋਇਆ ਹੈ।

 

ਦੱਸ ਦੇਈਏ ਕਿ ਸਨਿੱਚਰਵਾਰ ਨੂੰ ਮਨਮੀਤ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਸਿੱਖਾਂ ਨੇ ਅਦਾਲਤ ਦੇ ਬਾਹਰ ਰੋਸ ਮੁਜ਼ਾਹਰਾ ਕਰ ਕੇ ਦੋਸ਼ ਲਾਇਆ ਸੀ ਕਿ ਇਸ ਕੁੜੀ ਦਾ ਜਬਰੀ ਕਿਸੇ ਮੁਸਲਿਮ ਵਿਅਕਤੀ ਨਾਲ ਵਿਆਹ ਕਰ ਦਿੱਤਾ ਗਿਆ ਸੀ। ਬਾਅਦ ’ਚ ਮਨਮੀਤ ਕੌਰ ਨੂੰ ਉਸ ਦੇ ਪਰਿਵਾਰ ਕੋਲ ਵਾਪਸ ਪਹੁੰਚਾ ਦਿੱਤਾ ਗਿਆ ਸੀ।

 

ਪੁਲਿਸ ਨੇ ਇਸ ਮਾਮਲੇ ’ਤੇ ਹਾਲੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਉਂਝ ਕੁਝ ਪੁਲਿਸ ਸੂਤਰਾਂ ਨੇ ਦੱਸਿਆ ਕਿ ਮਨਮੀਤ ਕੌਰ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਤੇ ਉਸ ਨੇ ਮੈਜਿਸਟ੍ਰੇਟ ਸਾਹਮਣੇ ਇਹੋ ਬਿਆਨ ਦਿੱਤਾ ਸੀ ਕਿ ਉਸ ਨੇ ਪਹਿਲਾਂ ਆਪਣੀ ਖ਼ੁਦ ਦੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਮਨਮੀਤ ਕੌਰ ਦੇ ਪਰਿਵਾਰਕ ਮੈਂਬਰ ਤੇ ਉਸ ਮੁਸਲਿਮ ਲੜਕੇ ਦੇ ਪਰਿਵਾਰਕ ਮੈਂਬਰਾਂ ’ਚੋਂ ਕੋਈ ਵੀ ਉਪਲਬਧ ਨਹੀਂ ਹੋ ਸਕਿਆ।

 

ਇਸ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਤੇ ਮਨਜਿੰਦਰ ਸਿੰਘ ਸਿਰਸਾ ਜਿਹੇ ਦਿੱਲੀ ਦੇ ਸਿੱਖ ਆਗੂ ਆਪਣੇ ਜੱਥਿਆਂ ਸਮੇਤ ਸ੍ਰੀਨਗਰ ਪੁੱਜੇ ਸਨ ਤੇ ਉਨ੍ਹਾਂ ਨੇ ਜਬਰੀ ਧਰਮ ਪਰਿਵਰਤਨਾਂ ਤੇ ਵਿਆਹਾਂ ਉੱਤੇ ਡਾਢਾ ਇਤਰਾਜ਼ ਪ੍ਰਗਟਾਇਆ ਸੀ। ਮਨਜਿੰਦਰ ਸਿੰਘ ਸਿਰਸਾ ਨੇ ਹੀ ਬਾਅਦ ’ਚ ਮਨਮੀਤ ਕੌਰ ਤੇ ਸੁਖਪ੍ਰੀਤ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ; ਜਿਨ੍ਹਾਂ ਵਿੱਚ ਦੋਵੇਂ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਦੇ ਵਿਖਾਈ ਦੇ ਰਹੇ ਹਨ।