S Jaishankar Leaves For America: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਜ ਤੋਂ ਅਮਰੀਕਾ ਦੇ 11 ਦਿਨਾਂ ਦੌਰੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੌਰਾਨ ਉਹ ਸੰਯੁਕਤ ਰਾਸ਼ਟਰ ਮਹਾਸਭਾ (UNGA) ਸਮੇਤ ਕਈ ਬਹੁ-ਪੱਖੀ ਅਤੇ ਤਿਕੋਣੀ ਬੈਠਕਾਂ 'ਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਐੱਸ ਜੈਸ਼ੰਕਰ ਜੋ ਬਾਇਡੇਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਐੱਸ ਜੈਸ਼ੰਕਰ ਜੀ-4 ਸਮੂਹ ਦੀ ਮੰਤਰੀ ਪੱਧਰੀ ਮੀਟਿੰਗ ਦੀ ਮੇਜ਼ਬਾਨੀ ਵੀ ਕਰਨਗੇ, ਜਿਸ ਵਿੱਚ ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਜਾਪਾਨ ਅਤੇ ਜਰਮਨੀ ਸ਼ਾਮਲ ਹਨ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਵਿਆਪਕ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਐਲ-69 ਸਮੂਹ ਦੀ ਇੱਕ 'ਉੱਚ-ਪੱਧਰੀ ਮੀਟਿੰਗ' ਵਿੱਚ ਵੀ ਸ਼ਾਮਲ ਹੋਣਗੇ। L-69 ਸਮੂਹ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੁਧਾਰਾਂ 'ਤੇ ਕੇਂਦਰਿਤ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ, ਕੈਰੇਬੀਅਨ ਅਤੇ ਛੋਟੇ ਟਾਪੂ ਦੇਸ਼ਾਂ ਦੇ ਵਿਕਾਸਸ਼ੀਲ ਦੇਸ਼ ਸ਼ਾਮਲ ਹਨ।
ਐੱਸ ਜੈਸ਼ੰਕਰ ਦੀ ਅਮਰੀਕਾ ਫੇਰੀ
ਵਿਦੇਸ਼ ਮੰਤਰਾਲੇ (MEA) ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 18 ਤੋਂ 24 ਸਤੰਬਰ ਤੱਕ ਨਿਊਯਾਰਕ ਦੇ ਦੌਰੇ ਦੌਰਾਨ ਐੱਸ ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 77ਵੇਂ ਸੈਸ਼ਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ।
ਭਾਰਤ ਦੀ ਵਿਕਾਸ ਯਾਤਰਾ
ਅਜ਼ਾਦੀ ਦੇ ਅੰਮ੍ਰਿਤ ਉਤਸਵ ਨੂੰ ਮਨਾਉਣ ਅਤੇ ਪ੍ਰਦਰਸ਼ਿਤ ਕਰਨ ਲਈ, ਵਿਦੇਸ਼ ਮੰਤਰੀ 24 ਸਤੰਬਰ ਨੂੰ ਇੱਕ ਵਿਸ਼ੇਸ਼ ਸਮਾਗਮ 'India@75: Showcasing India's UN Partnership in Action' ਨੂੰ ਸੰਬੋਧਿਤ ਕਰਨਗੇ, ਜੋ ਕਿ ਭਾਰਤ ਦੀ ਵਿਕਾਸ ਯਾਤਰਾ ਅਤੇ ਦੱਖਣ-ਦੱਖਣ ਸਹਿਯੋਗ ਨੂੰ ਦਰਸਾਉਂਦਾ ਹੈ। ਇਸ ਸਮਾਗਮ ਨੂੰ ਕਈ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ UNDP ਪ੍ਰਸ਼ਾਸਕਾਂ ਦੇ ਨਾਲ UNGA ਦੇ 77ਵੇਂ ਪ੍ਰਧਾਨ ਦੁਆਰਾ ਸੰਬੋਧਿਤ ਕਰਨ ਦੀ ਉਮੀਦ ਹੈ।
ਕਵਾਡ ਅਤੇ ਬ੍ਰਿਕਸ ਦੇਸ਼ਾਂ ਨਾਲ ਮੀਟਿੰਗ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਐੱਸ ਜੈਸ਼ੰਕਰ ਕਵਾਡ (QUAD), ਆਈਬੀਐਸਏ ਅਤੇ ਬ੍ਰਿਕਸ (BRICS) ਦੀਆਂ ਬਹੁਪੱਖੀ ਮੀਟਿੰਗਾਂ ਦੇ ਨਾਲ-ਨਾਲ ਭਾਰਤ-ਫਰਾਂਸ-ਆਸਟ੍ਰੇਲੀਆ, ਭਾਰਤ-ਫਰਾਂਸ-ਯੂਏਈ ਅਤੇ ਭਾਰਤ-ਇੰਡੋਨੇਸ਼ੀਆ-ਆਸਟ੍ਰੇਲੀਆ ਵਰਗੀਆਂ ਤਿਕੋਣੀ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਉਹ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀ ਬੈਠਕ ਕਰਨਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਅਤੇ ਅਮਰੀਕੀ ਵਪਾਰਕ ਨੇਤਾਵਾਂ ਨਾਲ ਗੱਲਬਾਤ ਦਾ ਪ੍ਰੋਗਰਾਮ ਹੈ। ਉਹ ਭਾਰਤੀ ਪ੍ਰਵਾਸੀਆਂ ਨਾਲ ਵੀ ਗੱਲਬਾਤ ਕਰਨਗੇ।