ਮੈਲਬਰਨ: ਕੋਰੋਨਾ ਦੇ ਕਹਿਰ ਵਿੱਚ ਆਸਟਰੇਲੀਆ ਜਾਣ ਦਾ ਚਾਹਵਾਨਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀਆਂ ਸਰਹੱਦਾਂ ਬਾਕੀ ਦੁਨੀਆ ਲਈ ਅਜੇ ਬੰਦ ਹੀ ਰਹਿਣਗੀਆਂ। ਇਸ ਨਾਲ ਆਸਟਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋਇਆ ਹੈ।
ਦੱਸ ਦਈਏ ਕਿ ਆਸਟਰੇਲੀਆ ਨੇ ਮਹਾਮਾਰੀ ਦੇ ਮੱਦੇਨਜ਼ਰ ਮੁਲਕ ਦੇ ਬਾਰਡਰ ਅਣਮਿੱਥੇ ਸਮੇਂ ਲਈ ਬੰਦ ਕੀਤੇ ਹੋਏ ਹਨ। ਸਿਰਫ਼ ਨਾਗਰਿਕਾਂ ਤੇ ਪੱਕੀ ਰਿਹਾਇਸ਼ ਵਾਲਿਆਂ ਨੂੰ ਹੀ ਮੁਲਕ ਵਿੱਚ ਸਖ਼ਤ ਸ਼ਰਤਾਂ ਤਹਿਤ ਆਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਇਸ ਲਈ ਆਸਟਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਵਿਦਿਆਰਥੀ ਨਿਰਾਸ਼ ਹਨ।
ਇਸ ਸਭ ਕਾਸੇ ਦਾ ਅਸਰ ਭਾਰਤੀ ਵਿਦਿਆਰਥੀਆਂ ਉੱਪਰ ਵੱਧ ਪਿਆ ਹੈ। ਭਾਰਤ ਵਿੱਚ ਲਗਾਤਾਰ ਦੂਜੇ ਸਾਲ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਇਸ ਲਈ ਕਈ ਦੇਸ਼ਾਂ ਨੇ ਭਾਰਤੀ ਉਡਾਣਾਂ ਉੱਪਰ ਪਾਬੰਦੀ ਲਾਈ ਹੋਈ ਹੈ। ਆਸਟਰੇਲੀਆ ਨੇ ਵੀ 27 ਅਪਰੈਲ ਨੂੰ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਬੰਦ ਕਰ ਦਿੱਤੀਆਂ ਸੀ ਪਰ ਹੁਣ 15 ਮਈ ਤੋਂ ਚਾਰਟਰਡ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।
ਆਸਟਰੇਲੀਆ ਜਾਣ ਦੇ ਚਾਹਵਾਨਾਂ ਨੂੰ ਉਮੀਦ ਸੀ ਕਿ ਸ਼ਾਇਦ ਹਾਲਾਤ ਸੁਧਰਣ ਮਗਰੋਂ ਪਾਬੰਦੀ ਹਟ ਜਾਵੇ ਪਰ ਮੌਰੀਸਨ ਨੇ ਕਿਹਾ ਹੈ ਕਿ ਇਹ ਹਾਲੇ ਸਪੱਸ਼ਟ ਨਹੀਂ ਕਿ ਟੀਕਾਕਰਨ ਮੁਕੰਮਲ ਹੋਣ ਮਗਰੋਂ ਵੀ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹੀਆਂ ਜਾ ਸਕਣਗੀਆਂ ਜਾਂ ਨਹੀਂ। ਇਸ ਤੋਂ ਸਪਸ਼ਟ ਹੈ ਕਿ ਆਸਟਰੇਲੀਆ ਜਾਣ ਦੇ ਚਾਹਵਾਨਾਂ ਨੂੰ ਅਜੇ ਲੰਬੀ ਉਡੀਕ ਕਰਨੀ ਪਏਗੀ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਹਾਮਾਰੀ ਦੇ ਅੰਕੜੇ:
- ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 3.66 ਲੱਖ
- ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,747
- ਪਿਛਲੇ 24 ਘੰਟਿਆਂ ਵਿੱਚ ਕੁੱਲਠੀਕ ਹੋਏ: 3.53 ਲੱਖ
- ਹੁਣ ਤੱਕ ਸੰਕਰਮਿਤ ਹੋ ਚੁਕੇ: 2.26 ਕਰੋੜ
- ਹੁਣ ਤੱਕ ਠੀਕ ਹੋ ਚੁਕੇ: 1.86 ਕਰੋੜ
- ਕੁੱਲ ਮੌਤਾਂ: 2.46 ਲੱਖ
- ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ: 37.41 ਲੱਖ
ਦੇਸ਼ ਦੇ 18 ਰਾਜਾਂ 'ਚ ਪੂਰੀ ਤਰ੍ਹਾਂ ਤਾਲਾਬੰਦੀ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜੋਰਮ, ਗੋਆ ਤੇ ਪੁਡੂਚੇਰੀ ਸ਼ਾਮਲ ਹਨ।