ਨਵੀਂ ਦਿੱਲੀ: ਗ਼ਰੀਬੀ ਨਾਲ ਜੂਝ ਰਹੇ ਸਾਬਕਾ ਨੈਸ਼ਨਲ ਬੌਕਸਰ ਆਬਿਦ ਖ਼ਾਨ ਦੀ ਸਮੁੱਚੀ ਜ਼ਿੰਦਗੀ ਹੀ ਦਰਦਾਂ ਨਾਲ ਭਰਪੂਰ ਹੈ। ਆਬਿਦ NIS ਕੁਆਲੀਫ਼ਾਈਡ ਕੋਚ ਵੀ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਵਧੀਆ ਨੌਕਰੀ ਨਹੀਂ ਮਿਲ ਸਕੀ। ਅੱਜ ਹਾਲਾਤ ਇਹ ਹਨ ਕਿ ਉਹ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਇੱਕ ਕਿਰਾਏ ਦਾ ਆਟੋ ਰਿਕਸ਼ਾ ਚਲਾਉਣ ਲਈ ਮਜਬੂਰ ਹਨ।


 


ਪਿੱਛੇ ਜਿਹੇ ਉਨ੍ਹਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਲੋਕਾਂ ਤੱਕ ਉਨ੍ਹਾਂ ਦੀ ਕਹਾਣੀ ਪੁੱਜ ਸਕੀ। ਲੋਕਾਂ ਨੂੰ ਇਹ ਜਾਣ ਕੇ ਵਧੇਰੇ ਹੈਰਾਨੀ ਹੋਈ ਕਿ ਆਬਿਦ ਨਾ ਸਿਰਫ਼ ਇੱਕ ਟ੍ਰੇਂਡ ਪ੍ਰੋਫ਼ੈਸ਼ਨਲ ਹਨ, ਸਗੋਂ ਉਨ੍ਹਾਂ ਪੰਜ ਸਾਲਾਂ ਤੱਕ ਫ਼ੌਜ ਦੀ ਬੌਕਸਿੰਗ ਟੀਮ ਨੂੰ ਕੋਚਿੰਗ ਵੀ ਦਿੱਤੀ ਹੈ।


 


ਉਹ ਮੰਡੀ ਵਿੱਚ ਭਾਰ ਦੀ ਲਦਵਾਈ ਤੇ ਲੁਹਾਈ ਦਾ ਕੰਮ ਕਰਨ ਲਈ ਮਜਬੂਰ ਹਨ ਪਰ ਹੁਣ ਆਬਿਦ ਲਈ ਇੱਕ ਵਧੀਆ ਖ਼ਬਰ ਵੀ ਹੈ। ਸਦਾ ਲੋਕਾਂ ਦੀ ਮਦਦ ਲਈ ਅੱਗੇ ਰਹਿਣ ਵਾਲੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਦੀ ਨਜ਼ਰ ਵੀ ਆਬਿਦ ਦੀ ਇਸ ਕਹਾਣੀ ਉੱਤੇ ਪਈ ਹੈ। ਉਨ੍ਹਾਂ ਹੁਣ ਇਸ ਨੈਸ਼ਨਲ ਬਾਕਸਰ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।


 


ਆਨੰਦ ਮਹਿੰਦਰਾ ਨੇ ਟਵੀਟ ਕੀਤਾ ਕਿ ਆਬਿਦ ਦੀ ਸਟੋਰੀ ਦੱਸਣ ਲਈ ਧੰਨਵਾਦ। ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ ਕਿ ਉਹ ਕੋਈ ਮਦਦ ਨਹੀਂ ਮੰਗ ਰਹੇ। ਫਿਰ ਵੀ ਮੈਂ ਲੋਕਾਂ ਨੂੰ ਚੈਰਿਟੀ ਆੱਫ਼ਰ ਕਰਨ ਦੀ ਥਾਂ ਉਨ੍ਹਾਂ ਦੀ ਪ੍ਰਤਿਭਾ ਤੇ ਜਨੂੰਨ ਵਿੱਚ ਨਿਵੇਸ਼ ਕਰਨਾ ਪਸੰਦ ਕਰਦਾ ਹਾਂ। ਪਲੀਜ਼ ਮੈਨੂੰ ਦੱਸੋ ਕਿ ਮੈਂ ਕਿਵੇਂ ਉਨ੍ਹਾਂ ਦੀ ਸਟਾਰਟ ਅੱਪ ਬਾਕਸਿੰਗ ਅਕੈਡਮੀ ਵਿੱਚ ਸਰਮਾਇਆ ਲਾ ਸਕਦਾ ਹਾਂ ਤੇ ਉਨ੍ਹਾਂ ਨੂੰ ਮਦਦ ਪਹੁੰਚਾ ਸਕਦਾ ਹਾਂ।



ਦੱਸ ਦੇਈਏ ਕਿ ਕੋਈ ਪਹਿਲੀ ਵਾਰ ਨਹੀਂ, ਜਦੋਂ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਰਾਹੀਂ ਕਿਸੇ ਦੀ ਮਦਦ ਕਰਨ ਲਈ ਹੱਥ ਵਧਾਇਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਅਜਿਹਾ ਕਰ ਚੁੱਕੇ ਹਨ। ਪਿੱਛੇ ਜਿਹੇ ਉਨ੍ਹਾਂ ਇੱਕ ਰੁਪਏ ਵਿੱਚ ਲੋਕਾਂ ਨੂੰ ਇਡਲੀ-ਸਾਂਭਰ ਖੁਆਉਣ ਵਾਲੀ ਤਾਮਿਲ ਨਾਡੂ ਦੀ ਕਮਲਾਥਲ ‘ਇਡਲੀ ਅੰਮਾ’ ਨੂੰ ਵੀ ਘਰ ਦਾ ਤੋਹਫ਼ਾ ਦਿੱਤਾ ਹੈ।