ਮੁਕਤਸਰ ਪੁਲਿਸ ਨੇ ਮਲੋਟ ਵਿੱਚ ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਰੋਏ ਹਮਲੇ ਦੇ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 5 ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਸਐਸਪੀ ਮੁਕਤਸਰ ਡੀ ਸੁਦਰਵੀ ਨੇ ਦੱਸਿਆ ਕਿ ਵੀਡੀਓ ਫੁਟੇਜ ਦੀ ਸਹਾਇਤਾ ਨਾਲ ਮੁਕਤਸਰ ਪੁਲਿਸ ਨੇ ਇਸ ਕੇਸ 'ਚ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ 'ਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ 23 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਮੁਕਤਸਰ ਪੁਲਿਸ ਨੇ ਵਿਧਾਇਕ ਅਰੁਣ ਨਾਰੰਗ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਐਸਐਸਪੀ ਡੀ ਸੁਦਰਵੀ ਨੇ ਕਿਹਾ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਹਮਲੇ ਵਿੱਚ ਸ਼ਾਮਲ ਹੋਰ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਧਰ ਰੋਹਤਕ 'ਚ ਇਨੈਲੋ ਆਗੂ ਤੇ ਸਾਬਕਾ ਵਿਧਾਇਕ ਅਭੈ ਚੌਟਾਲਾ ਨੇ ਵਿਵਾਦਿਤ ਬਿਆਨ ਦਿੱਤਾ ਹੈ। ਰੋਹਤਕ ਵਿਖੇ ਕਿਸਾਨਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਦੌਰਾਨ ਅਭੈ ਚੌਟਾਲਾ ਨੇ ਕਿਹਾ ਕਿ ਜੇਕਰ ਕੋਈ ਬੀਜੇਪੀ ਵਿਧਾਇਕ ਉਨ੍ਹਾਂ ਕੋਲ ਆਵੇ ਤਾਂ ਉਨ੍ਹਾਂ ਨੂੰ ਨੰਗਾ ਕਰਕੇ ਪੋਲ ਨਾਲ ਬੰਨ ਦੇਣਾ। ਚੌਟਾਲਾ ਨੇ ਕਿਸਾਨ ਅੰਦੋਲਨ ਦੇ ਧਰਨੇ ਦੇ ਮੰਚ ਤੋਂ ਕਿਸਾਨਾਂ ਨੂੰ ਇਹ ਗੱਲ ਕਹੀ। ਉਹ ਪਾਨੀਪਤ ਹਾਈਵੇਅ ਮਕਡੋਲੀ ਟੋਲ ਪਲਾਜ਼ਾ 'ਤੇ ਕਿਸਾਨਾਂ ਦਰਮਿਆਨ ਪਹੁੰਚੇ ਸੀ।
ਇਸ ਤੋਂ ਪਹਿਲਾਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਦੀ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 7 ਕਿਸਾਨ ਲੀਡਰਾਂ ਤੇ 300 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਜਦ ਅਰੁਣ ਨਾਰੰਗ ਮਲੋਟ ਵਿਖੇ ਮੀਟਿੰਗ ਲਈ ਪਹੁੰਚੇ ਤਾਂ ਉਨ੍ਹਾਂ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ 'ਤੇ ਹੋਏ ਹਮਲੇ ਤੋਂ ਬਚਾਅ ਲਈ ਐਸਪੀ ਹੈੱਡਕੁਆਰਟਰ ਗੁਰਮੇਲ ਸਿੰਘ ਤੇ ਹੋਰ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ। ਇਸ ਦੌਰਾਨ ਐਸਪੀ ਗੁਰਮੇਲ ਸਿੰਘ ਵੀ ਜ਼ਖਮੀ ਹੋ ਗਏ।
ਐਫਆਈਆਰ ਵਿੱਚ ਜੋ 7 ਕਿਸਾਨ ਆਗੂਆਂ ਦੇ ਨਾਮ ਹਨ, ਉਨ੍ਹਾਂ ਵਿੱਚ ਲਖਨਪਾਲ ਉਰਫ ਲੱਖਾ ਆਲਮਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁਜ਼ਰ, ਜਨਰਲ ਸਕਤਰ ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ,ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫਕਰਸਰ ਸ਼ਾਮਲ ਹਨ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/