ਮੁੰਬਈ: ਕੱਲ੍ਹ ਮੁੰਬਈ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਨੂੰ ਲੈ ਕੇ ਗੇਟਵੇ ਆਫ਼ ਇੰਡੀਆ 'ਤੇ ਵਿਰੋਧ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ 'ਚ ‘ਅਜ਼ਾਦ ਕਸ਼ਮੀਰ’ ਦੇ ਪੋਸਟਰ ਵੀ ਦਿਖਾਈ ਦਿੱਤੇ, ਜੋ ਵਿਵਾਦ ਬਣ ਗਏ। ਪ੍ਰਦਰਸ਼ਨ ਦੌਰਾਨ ਇੱਕ ਲੜਕੀ 'ਫਰੀ ਕਸ਼ਮੀਰ' ਦਾ ਬੈਨਰ ਦਿਖਾ ਰਹੀ ਸੀ। ਭਾਜਪਾ ਨੇ ਇਸ ਪ੍ਰਦਰਸ਼ਨ ਨੂੰ ਸ਼ਿਵ ਸੈਨਾ, ਕਾਂਗਰਸ ਤੇ ਐਨਸੀਪੀ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਸ਼ਿਵ ਸੈਨਾ ਨੇ ਸਪਸ਼ਟੀਕਰਨ ਦਿੱਤਾ।

ਅੱਜ ਜਦੋਂ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੂੰ ਪੁੱਛਿਆ ਗਿਆ ਕਿ ਕੱਲ੍ਹ ਇੱਕ ਲੜਕੀ 'ਫਰੀ ਕਸ਼ਮੀਰ' ਦਾ ਪੋਸਟਰ ਲੈ ਕੇ ਹੱਥਾਂ 'ਚ ਖੜ੍ਹੀ ਸੀ। ਇਸ 'ਤੇ ਤੁਹਾਡਾ ਕੀ ਕਹਿਣਾ ਹੈ? ਤਾਂ ਸੰਜੇ ਰਾਉਤ ਨੇ ਕਿਹਾ, “ਮੇਰੇ ਮੁਤਾਬਕ ਫਰੀ ਕਸ਼ਮੀਰ ਦਾ ਮਤਲਬ ਹੈ, ਉੱਥੇ ਇੰਟਰਨੈੱਟ 'ਤੇ ਲਾਈ ਪਾਬੰਦੀਆਂ ਤੋਂ ਆਜ਼ਾਦੀ ਦੇਣਾ ਹੈ।"


ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸੰਜੇ ਰਾਉਤ ਦੇ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ। ਸੰਬਿਤ ਪਾਤਰਾ ਨੇ ਟਵੀਟ ਕਰਕੇ ਕਿਹਾ ਹੈ, ''ਹੁਣ ਸ਼ਿਵ ਸੈਨਾ ਦੇ ਸੰਜੇ ਰਾਉਤ 'ਫਰੀ ਕਸ਼ਮੀਰ' ਦੇ ਪੋਸਟਰ 'ਤੇ ਸਪਸ਼ਟੀਕਰਨ ਦੇ ਰਹੇ ਹਨ। ਯਕੀਨ ਕਰੋ ਦੋਸਤੋ, ਇਹ ਸੋਨੀਆ ਸੈਨਿਕ ਟੁਕੜੇ-ਟੁਕੜੇ ਗੈਂਗ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣ ਦੀ ਕੋਸ਼ਿਸ਼ ‘ਚ ਸ਼ਾਇਦ ਜਲਦੀ ਹੀ ਰਾਮ ਦੇ ਨਾਲ ਬਦਸਲੂਕੀ ਕਰਦੀ ਨਜ਼ਰ ਆਵੇਗੀ ਤੇ ਜਲਦੀ ਹੀ ਆਪਣੇ 'ਹਿੰਦੂ ਅੱਤਵਾਦ' ਵੱਲ ਮੁੜ ਸਕਦੀ ਹੈ।"

ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ‘ਫਰੀ ਕਸ਼ਮੀਰ’ ਪੋਸਟਰ ਰਾਹੀਂ ਪ੍ਰਦਰਸ਼ਨਕਾਰੀਆਂ ਦੇ ਮਨੋਰਥਾਂ ‘ਤੇ ਵੀ ਸਵਾਲ ਚੁੱਕੇ ਹਨ। ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਜੇਕਰ ਵਿਰੋਧ ਪ੍ਰਦਰਸ਼ਨ ਦੌਰਾਨ ਅਜਿਹੇ ਪੋਸਟਰ ਨਜ਼ਰ ਆਉਂਦੇ ਹਨ ਤਾਂ ਤੁਸੀਂ ਵਿਰੋਧ ਕਰਨ ਵਾਲਿਆਂ ਦੇ ਮਨੋਰਥ ਜਾਣ ਸਕਦੇ ਹੋ।


ਮੁੰਬਈ ਪੁਲਿਸ ਨੇ ਆਜ਼ਾਦ ਕਸ਼ਮੀਰ ਦੇ ਪੋਸਟਰ ਲੈ ਕੇ ਖੜ੍ਹੀ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।