ਨਵੀਂ ਦਿੱਲ਼ੀ: ਕਾਂਗਰਸ ਦੇ ਸੀਨੀਅਰ ਲੀਡਰ ਰਣਦੀਪ ਸੁਰਜੇਵਾਲਾ ਨੇ ਅੱਜ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਮੋਦੀ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਮਜ਼ੋਰ ਸਰਕਾਰ ਫ਼ੌਜ ਦਾ ਹੌਸਲਾ ਪਸਤ ਨਹੀਂ ਕਰ ਸਕੇਗੀ।
ਸੁਰਜੇਵਾਲਾ ਨੇ ਕਿਹਾ ਕਿ ਦੇਸ਼ ਦਾ ਸੁਰੱਖਿਆ ਨੂੰ ਭੋਰਾ ਵੀ ਤਰਜੀਹ ਨਹੀਂ ਦਿੱਤੀ ਜਾ ਰਹੀ। ਇਸੇ ਲਈ ਹੁਣ ਦੋ-ਤਰਫ਼ਾ ਖ਼ਤਰਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਉੱਤੇ ਹੁਣ ਪਾਕਿਸਤਾਨ ਤੇ ਚੀਨ ਵਾਲੇ ਪਾਸਿਓਂ ਖ਼ਤਰਾ ਹੈ। ਪਾਕਿਸਤਾਨ ਅੱਤਵਾਦੀਆਂ ਦੀ ਪਨਾਹਗਾਹ ਬਣਿਆ ਹੋਇਆ ਹੈ। ਉੱਧਰ ਚੀਨ ਵੱਲੋਂ ਭਾਰਤ ਨਾਲ ਲੱਗਦੀ ਸਰਹੱਦ ਉੱਤੇ ਲਗਾਤਾਰ ਉਸਾਰੀ ਦੇ ਕੰਮ ਕੀਤੇ ਜਾ ਰਹੇ ਹਨ ਤੇ ਫ਼ੌਜ ਦੀ ਨਫ਼ਰੀ ਵੀ ਵਧਾਈ ਜਾ ਰਹੀ ਹੈ।
ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਚੀਨ ਦੀ ਸਰਹੱਦ ਉੱਤੇ 24 ਘੰਟੇ ਨਿਗਰਾਨੀ ਦੀ ਜ਼ਰੂਰਤ ਹੈ। ਹੁਣ ਚੀਨ ਦੀ ਸਮੁੰਦਰੀ ਫ਼ੌਜ ਵੀ ਸਰਗਰਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਰੱਖਿਆ ਬਜਟ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ; ਜੋ ਦੇਸ਼ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੀ ਜ਼ਰੂਰਤ ਨੂੰ ਅੱਖੋਂ ਪ੍ਰੋਖੇ ਕੀਤਾ ਗਿਆ ਹੈ।
ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਰੱਖਿਆ ਮੰਤਰੀ ਨੇ ਫੌਜਾਂ ਪਿੱਛੇ ਹਟਣ ਬਾਰੇ ਸੰਸਦ ਵਿੱਚ ਬਿਆਨ ਦਿੱਤਾ ਸੀ। ਗਲਵਾਨ ਘਾਟੀ ਸਦਾ ਤੋਂ ਭਾਰਤ ਦਾ ਅਟੁੱਟ ਅੰਗ ਰਹੀ ਹੈ ਪਰ ਐਤਕੀਂ ਚੀਨ, ਭਾਰਤ ਦੀ ਸਰਹੱਦ ਅੰਦਰ ਘੁਸਿਆ। ਸਾਡੇ 20 ਜਵਾਨ ਸ਼ਹੀਦ ਹੋਏ। ਸਭ ਨੇ ਸੋਚਿਆ ਸੀ ਕਿ ਸਰਕਾਰ ਸਰਹੱਦ ਦੀ ਰਾਖੀ ਕਰੇਗੀ। ਪਰ ਹੁਣ ਫੌਜ ਦਾ ਪਿੱਛੇ ਹਟਣਾ ਤਾਂ ਇੱਕ ਤਰ੍ਹਾਂ ਦਾ ਆਤਮ ਸਮਰਪਣ ਹੈ ਕਿਉਂਕਿ ਹੁਣ ਤੁਸੀਂ ਆਪਣੀ ਥਾਂ ਉੱਤੇ ਹੀ ਗਸ਼ਤ ਨਹੀਂ ਕਰ ਸਕਦੇ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਆਮ ਜਨਤਾ ਤੋਂ ਤੱਥ ਲੁਕਾ ਰਹੀ ਹੈ।