ਆਜਮਗੜ੍ਹ: ਦੇਵਨਾਂਗ ਕੋਤਾਵਲੀ 'ਚ ਚੱਲਦੀ ਕਾਰ 'ਚ ਲਾੜੇ ਨੂੰ ਗੋਲੀ ਮਾਰ ਕੇ ਮਾਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਲਾੜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਤੋਂ ਬਾਅਦ ਨਾਕੇਬੰਦੀ ਕਰ ਦਿੱਤੀ ਗਈ, ਪਰ ਅਜੇ ਤੱਕ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

ਦੱਸਿਆ ਜਾ ਰਿਹਾ ਹੈ ਕਿ ਆਜਮਗੜ੍ਹ ਵਿੱਚ 25 ਸਾਲਾ ਸੁਮਿਤ ਗੁਪਤਾ ਦਾ ਵਿਆਹ ਸੀ। ਬੀਤੀ ਸ਼ਾਮ 6 ਵਜੇ ਬਰਾਤ ਲਾਲਗੰਜ ਤੋਂ ਨਿਕਲੀ। ਰਾਤ ਕਰੀਬ 9 ਵਜੇ ਮਸੀਰਪੁਰ ਤਿਰਾਹੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਕਾਰ 'ਚ ਬੈਠੇ ਲਾੜੇ ਸੁਮਿਤ ਦੇ ਗੋਲੀ ਮਾਰ ਦਿੱਤੀ, ਜੋ ਸਿੱਧਾ ਜਾ ਕੇ ਉਸ ਦੇ ਸਿਰ 'ਚ ਲੱਗੀ।

ਇਸ ਤੋਂ ਬਾਅਦ ਸੁਮਿਤ ਨੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।