ਚੰਡੀਗੜ੍ਹ: ਬੀਤੇ ਦਿਨੀਂ ਪਠਾਨਕੋਟ ਦੇ ਸਥਾਨਕ ਲੋਕਾਂ ਨੇ ਬੀਜੇਪੀ ਸਾਂਸਦ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ 'ਤੇ ਲਾਏ ਸੀ। ਇਸ ਤੋਂ ਬਾਅਦ ਅੱਜ ਸੰਨੀ ਦਿਓਲ ਨੇ ਫੇਸਬੁੱਕ ਪੇਜ 'ਤੇ ਅਪਡੇਟ ਦਿੰਦਿਆਂ ਲੋਕ ਸਭਾ ਹਲਕਾ ਗੁਰਦਾਸਪੁਰ, ਪਠਾਨਕੋਟ ਤੇ ਦੇਸ਼ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ।


ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵਿਰੋਧੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਾਰੇ ਮਿਲ ਕੇ ਕੰਮ ਕਰਨ ਤਾਂ ਹੀ ਪਠਾਨਕੋਟ ਦਾ ਵਿਕਾਸ ਹੋ ਸਕਦਾ ਹੈ। ਸੰਨੀ ਨੇ ਕਿਹਾ ਕਿ ਪਠਾਨਕੋਟ ਦੀ ਨੈਰੋਗੇਜ਼ ਟ੍ਰੇਨ ਜੋ ਸ਼ਹਿਰ ਵਿੱਚੋਂ-ਵਿੱਚ ਗੁਜ਼ਰਦੀ ਹੈ ਜਿਸ ਕਾਰਨ ਸ਼ਹਿਰ ਦੇ ਸਾਰੇ ਫਾਟਕ ਬੰਦ ਹੋ ਜਾਂਦੇ ਹਨ ਤੇ ਸ਼ਹਿਰ ਦੀ ਰਫਤਾਰ ਰੁਕ ਜਾਂਦੀ ਹੈ। ਇਸ ਟ੍ਰੈਫਿਕ ਦੀ ਸਮੱਸਿਆ ਨੂੰ ਹਟਾਉਣ ਲਈ ਕੇਂਦਰ ਸਰਕਾਰ ਵੱਲੋਂ ਰੇਲਵੇ ਲਾਇਨ ਨੂੰ ਐਲੀਵੇਟਿਡ ਟਰੈਕ 'ਚ ਤਬਦੀਲ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਇਸ 'ਚ ਪੰਜਾਬ ਸਰਕਾਰ ਨੂੰ ਵੀ ਆਪਣਾ ਸ਼ੇਅਰ ਦੇਣਾ ਚਾਹੀਦਾ ਹੈ। ਸੰਨੀ ਮੁਤਾਬਕ ਇਸ ਨੂੰ ਬਣਾਉਣ ਦਾ ਸੁਫਨਾ ਸਾਬਕਾ ਸਾਂਸਦ ਸਵਰਗੀ ਵਿਨੋਦ ਖੰਨਾ ਨੇ ਵੀ ਦੇਖਿਆ ਸੀ, ਜੋ ਅੱਜ ਪੂਰਾ ਹੋਣ ਜਾ ਰਿਹਾ ਹੈ।