ਗੁਰਦਾਸਪੁਰ: ਬਰਫ ਨਾਲ ਭਰੀਆਂ ਪਹਾੜੀਆਂ 'ਤੇ ਦੇਸ਼ ਦੀ ਰੱਖਿਆ ਕਰਨਾ ਹਮੇਸ਼ਾ ਇੱਕ ਚੁਣੌਤੀ ਰਹੀ ਹੈ। ਬਰਫੀਲੇ ਤੂਫਾਨਾਂ ਤੇ ਪਹਾੜਾਂ ਕਰਕੇ ਹੁਣ ਤੱਕ ਸੈਨਾ ਦੇ ਬਹੁਤ ਸਾਰੇ ਜਵਾਨ ਸ਼ਹਾਦਤ ਹਾਸਲ ਕਰ ਚੁੱਕੇ ਹਨ। ਅਜਿਹੀ ਹੀ ਇੱਕ ਘਟਨਾ ਕੁਪਵਾੜਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਵਾਪਰੀ, ਜਿਸ 'ਚ ਚਾਰ ਸੈਨਿਕ ਸ਼ਹੀਦ ਹੋ ਗਏ। ਇਨ੍ਹਾਂ ਸੈਨਿਕਾਂ 'ਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੱਧਪੁਰ ਨਵਾਂ ਪਿੰਡ ਦਾ 26 ਸਾਲਾ ਸਿਪਾਹੀ ਰਣਜੀਤ ਸਿੰਘ ਸਲਾਰੀਆ ਵੀ ਸ਼ਾਮਲ ਹੈ।

ਹਾਸਲ ਜਾਣਕਾਰੀ ਮੁਤਾਬਕ ਰਣਜੀਤ ਸਿੰਘ 45 ਨੈਸ਼ਨਲ ਰਾਈਫਲਜ਼ 'ਚ ਜੰਮੂ-ਕਸ਼ਮੀਰ 'ਚ ਤਾਇਨਾਤ ਸੀ। 26 ਜਨਵਰੀ 2019 ਨੂੰ ਉਹ ਵਿਆਹ ਦੇ ਬੰਧਨ 'ਚ ਬੱਝ ਗਿਆ ਸੀ ਤੇ ਦਸੰਬਰ 2019 ਨੂੰ ਉਹ ਬੇਟੀ ਦਾ ਪਿਤਾ ਬਣਿਆ ਸੀ, ਜਿਸ ਦਾ ਨਾਂ ਪਰੀ ਹੈ। ਪਰ ਉਹ ਆਪਣੇ ਬੱਚੇ ਦਾ ਚਿਹਰਾ ਵੀ ਨਹੀਂ ਵੇਖ ਸਕਿਆ ਤੇ ਕੁਰਬਾਨ ਹੋ ਗਿਆ। ਰਣਜੀਤ ਦੀ ਸ਼ਹਾਦਤ 'ਤੇ ਪਿੰਡ 'ਚ ਸੋਗ ਦਾ ਮਾਹੌਲ ਹੈ।

ਬੁੱਧਵਾਰ ਨੂੰ ਤਿਰੰਗੇ ਵਿੱਚ ਬੰਨ੍ਹੇ ਪਾਰਥਿਵ ਦੇਹ ਪਿੰਡ ਸਿੱਧਪੁਰ ਨਿੰਬ ਪਿੰਡ ਪਹੁੰਚੇਗਾ, ਜਿੱਥੇ ਉਨ੍ਹਾਂ ਦਾ ਪੂਰਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨਮ ਅੱਖਾਂ ਨਾਲ ਸ਼ਹੀਦ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਰਣਜੀਤ ਪਰਿਵਾਰ ਦਾ ਇਕਲੌਤਾ ਸਹਾਰਾ ਸੀ।