ਮਹਿਤਾਬ-ਉਦ-ਦੀਨ

ਚੰਡੀਗੜ੍ਹ/ਟੋਰਾਂਟੋ: ਹਰਜਸ ਕੌਰ ਗਰੇਵਾਲ ਹਰ ਵੇਲੇ ਰੁੱਝੇ ਹੀ ਰਹਿੰਦੇ ਹਨ। ਉਹ ਇੱਕੋ ਵੇਲੇ ਸਰਗਰਮ ਕਾਰਕੁਨ, ਲੇਖਿਕਾ, ਸੰਯੁਕਤ ਰਾਸ਼ਟਰ (UN) ਦੇ ‘ਯੂਥ ਅੰਬੈਸਡਰ’ ਦੇ ਨਾਲ-ਨਾਲ ਅਰਬ ਡਾਲਰ ਦੇ ਇੱਕ ਬਿਊਟੀ ਬ੍ਰਾਂਡ ‘ਡੀਸੀਮ’ (Deciem) ਦੇ ਮੈਨੇਜਰ ਤੇ ਆਪਣੀ ਖ਼ੁਦ ਦੀ ਇੱਕ ਵਲੰਟੀਅਰ ਜਥੇਬੰਦੀ ‘ਯੂਨਾਈਟਿਡ ਵੁਮੈਨ’ ਦੇ ਬਾਨੀ ਵੀ ਹਨ।

 

ਹਰਜਸ ਕੌਰ ਹਾਲੇ ਸਿਰਫ਼ 19 ਸਾਲਾਂ ਦੇ ਹੀ ਸਨ, ਜਦੋਂ ਉਹ ਸੰਯੁਕਤ ਰਾਸ਼ਟਰ ਦੀ ਯੂਥ ਅਸੈਂਬਲੀ ਦੇ ‘ਯੂਥ ਅੰਬੈਸਡਰ’ ਬਣ ਗਏ ਸਨ। ਉਨ੍ਹਾਂ 13 ਸਾਲ ਦੀ ਨਿੱਕੀ ਉਮਰੇ ਆਪਣੀ ਪਹਿਲੀ ਪਟੀਸ਼ਨ ਚਲਾਈ ਸੀ। ਸੰਯੁਕਤ ਰਾਸ਼ਟਰ ਦੀ ਯੂਥ ਅਸੈਂਬਲੀ ਨੂੰ ‘ਫ਼੍ਰੈਂਡਸਸ਼ਿਪ ਅੰਬੈਸਡਰਜ਼ ਫ਼ਾਊਂਡੇਸ਼ਨ’ ਚਲਾਉਂਦੀ ਹੈ। ਹਰਜਸ ਕੌਰ ਗਰੇਵਾਲ ਇਸ ਵੇਲੇ ‘ਯੂਐੱਨ ਗਲੋਬਲ ਕੰਪੈਕਟ’ ਦੇ ਯੰਗ ਇਨੋਵੇਟਰ ਵੀ ਹਨ। ਦੁਨੀਆ ’ਚ ਚੋਣਵੀਆਂ ਸ਼ਖ਼ਸੀਅਤਾਂ ਨੂੰ ਹਰ ਸਾਲ ਮਿਲਣ ਵਾਲਾ ਸਾਲ 2020 ਦਾ ‘ਡਾਇਨਾ ਐਵਾਰਡ’ ਹਰਜਸ ਕੌਰ ਗਰੇਵਾਲ ਨੇ ਹੀ ਜਿੱਤਿਆ ਸੀ।

 

ਬਿਊਟੀ ਕੰਪਨੀ Deciem ’ਚ ਹਰਜਸ ਕੌਰ ਕਾਰਪੋਰੇਟ ਐਕਟੀਵਿਜ਼ਮ ਪਹਿਲਕਦਮੀਆਂ ਵਿੱਚ ਮਦਦ ਕਰਦੇ ਹਨ। ਇਹ ਕੰਪਨੀ ਆਪਣੇ ਪ੍ਰਸਿੱਧ ਬ੍ਰਾਂਡ ‘ਦਿ ਆਰਡੀਨਰੀ’ ਲਈ ਜਾਣੀ ਜਾਂਦੀ ਹੈ ਤੇ ਹਰਜਸ ਨੇ ਇਸ ਕੰਪਨੀ ਵਿੱਚ ਬੀਤੇ ਫ਼ਰਵਰੀ ਮਹੀਨੇ ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਹੈ। ‘ਬਿਜ਼ਨੇਸ ਇਨਸਾਈਡਰ’ ਵੱਲੋਂ ਪ੍ਰਕਾਸ਼ਿਤ ਡੌਮਿਨਿਕ ਮੈਡੋਰੀ ਡੇਵਿਸ ਦੀ ਰਿਪੋਰਟ ਅਨੁਸਾਰ ਹਰਜਸ ਦਿਨ ਵੇਲੇ ਇਸੇ ਬਿਊਟੀ ਕੰਪਨੀ ਲਈ ਕੰਮ ਕਰਦੇ ਹਨ ਤੇ ਫਿਰ ਇਸ ਡਿਊਟੀ ਤੋਂ ਬਾਅਦ ਉਹ ਸੰਯੁਕਤ ਰਾਸ਼ਟਰ ਲਈ ਦੇਰ ਰਾਤ ਤੱਕ ਕੰਮ ਕਰਦੇ ਹਨ।

 

ਹਰਜਸ ਕੌਰ ਗਰੇਵਾਲ ਦਾ ਦਿਨ ਰੋਜ਼ ਸਵੇਰੇ 7 ਵਜੇ ਸ਼ੁਰੂ ਹੋ ਜਾਂਦਾ ਹੈ। ਸਵੇਰ ਦਾ ਕੁਝ ਸਮਾਂ ਉਹ ਆਪਣੀ ਚਮੜੀ ਨੂੰ ਸਦਾ ਨਿੱਖਰਿਆ ਰੱਖਣ ਲਈ ਬਿਤਾਉਂਦੇ ਹਨ ਪਰ ਇਸ ਲਈ ਉਹ ਕੋਈ ਕੈਮੀਕਲ ਨਹੀਂ ਵਰਤਦੇ ਸਿਰਫ਼ ਆਮ ਗੁਲਾਬ ਜਲ ਤੇ ਸਾਦੇ ਕਲੀਨਜ਼ਰ ਆਦਿ।

 

ਸਵੇਰੇ 8 ਵਜੇ ਤੋਂ ਬਾਅਦ ਉਹ ਕੁਝ ਲਿਖਦੇ ਹਨ। ਕਈ ਵਾਰ ਕੁਝ ਵਿਚਾਰ ਤੇ ਕਦੇ ਕੋਈ ਕਵਿਤਾ ਵੀ। Deceim ਲਈ ਉਨ੍ਹਾਂ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਹੁੰਦੀ ਹੈ। ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ’ਚ ਇਸ ਕੰਪਨੀ ਦਾ ਦਫ਼ਤਰ 70,000 ਵਰਗ ਫ਼ੁੱਟ ਰਕਬੇ ’ਚ ਸਥਿਤ ਹੈ।