ਬਠਿੰਡਾ: ਕੋਰੋਨਾ ਦੇ ਕਹਿਰ ਦੇ ਦਰਮਿਆਨ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਨ ਦੇ ਨਾਲ-ਨਾਲ ਮਰੀਜ਼ਾਂ ਲਈ ਮੰਗਾਂ ਦਾ ਦੌਰ ਜਾਰੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਪੰਜਾਬ ਸਰਕਾਰ ਅੱਗੇ ਮੰਗਾਂ ਰੱਖੀਆਂ ਹਨ। ਹਰਸਿਮਰਤ ਬਾਦਲ ਨੇ ਅਪੀਲ ਕੀਤੀ ਹੈ ਕਿ ਉਹ ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਦੇ ਇਲਾਜ ਦੇ ਨਾਮ ’ਤੇ ਵਸੂਲੇ ਜਾ ਰਹੇ ਵਾਧੂ ਪੈਸੇ ਨੂੰ ਕੰਟਰੋਲ ਕਰਨ।
ਹਰਸਿਮਰਤ ਬਾਦਲ ਨੇ ਐਂਬੂਲੈਂਸ, ਆਕਸੀਜਨ, ਦਵਾਈਆਂ ਆਦਿ ਲਈ ਰੇਟ ਤੈਅ ਕਰਨ ਦੀ ਮੰਗ ਕੀਤੀ ਹੈ। ਬੀਬੀ ਬਾਦਲ ਨੇ ਮਾਨਸਾ ਵਿੱਚ ਕੋਰੋਨਾ ਦੇ ਇਲਾਜ ਲਈ ਸਿਹਤ ਪ੍ਰਬੰਧ ਮੁਕੰਮਲ ਨਾ ਹੋਣ 'ਤੇ ਸਰਕਾਰ ਨੂੰ ਘੇਰਿਆ ਤੇ ਮੰਗ ਕੀਤੀ ਕਿ ਸਿਹਤ ਦੇ ਪ੍ਰਬੰਧ ਪੂਰੇ ਕੀਤੇ ਜਾਣ। ਉਨ੍ਹਾਂ ਵੈਕਸੀਨ ਦੀਆਂ ਕੀਮਤਾਂ 'ਤੇ ਵੀ ਇਤਰਾਜ਼ ਜਤਾਇਆ ਹੈ। ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਵੈਕਸੀਨ ਦੀਆਂ ਕੀਮਤਾਂ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹਨ, ਇਸ ਲਈ ਇਸ ਟੀਕੇ ਦੀ ਕੀਮਤ ਘੱਟ ਕੀਤੀ ਜਾਵੇ ਤਾਂ ਜੋ ਗਰੀਬ ਲੋਕਾਂ ਦੀ ਜਾਨ ਵੀ ਬਚਾਈ ਜਾ ਸਕੇ।
ਹਰਸਿਮਰਤ ਬਾਦਲ ਨੇ ਇਹ ਵੀ ਮੰਗ ਕੀਤੀ ਹੈ ਕਿ ਸਰਕਾਰ ਨੂੰ ਦੂਸਰੇ ਰਾਜਾਂ ਵਾਂਗ ਪੰਜਾਬ ਵਿੱਚ ਵੀ ਬੈੱਡ ਤੇ ਦਵਾਈਆਂ ਲਈ ਹੈਲਪਲਾਈਨ ਨੰਬਰ ਦੀ ਸਹੂਲਤ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਜਾਂ ਸਹਾਇਤਾ ਰਾਸ਼ਨ ਮੁਹੱਈਆ ਕਰਵਾਏ ਜਾਣ।