ਬੀਜਿੰਗ: ਚੀਨ ਵਿੱਚ ਇਨ੍ਹੀਂ ਦਿਨੀਂ ਭਾਰੀ ਹੜ੍ਹ ਆਇਆ ਹੋਇਆ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਫੌਜ ਨੂੰ ਬਚਾਅ ਲਈ ਆਉਣਾ ਪਿਆ। ਹੜ੍ਹ ਨਾਲ ਘੱਟੋ-ਘੱਟ 25 ਵਿਅਕਤੀਆਂ ਦੀ ਮੌਤ ਹੋ ਗਈ ਹੈ। ਚੀਨੀ ਅਖਬਾਰ ‘ਗਲੋਬਲ ਟਾਈਮਜ਼’ ਦੀ ਰਿਪੋਰਟ ਅਨੁਸਾਰ 12 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਤ ਹੋਏ ਹਨ ਤੇ 1.60 ਲੱਖ ਲੋਕਾਂ ਨੂੰ ਬਚਾਇਆ ਗਿਆ ਹੈ।

 

ਚੀਨ ਦੀ ਰਾਜਧਾਨੀ ਹੇਨਾਨ ਦੀ ਰਾਜਧਾਨੀ ਜ਼ੇਂਗਜ਼ੂ ਦੇ ਸਬਵੇ ਸਟੇਸ਼ਨ 'ਤੇ ਅਚਾਨਕ ਪਾਣੀ ਭਰ ਜਾਣ ਕਾਰਨ 500 ਤੋਂ ਜ਼ਿਆਦਾ ਯਾਤਰੀ ਇੱਥੇ ਫਸ ਗਏ। ਜਦੋਂ ਸਥਿਤੀ ਗੰਭੀਰ ਹੋ ਗਈ, ਬਚਾਅ ਲਈ ਇਕ ਟੀਮ ਭੇਜੀ ਗਈ। ਕਿਸੇ ਤਰ੍ਹਾਂ, ਰੱਸੀ ਦੀ ਸਹਾਇਤਾ ਨਾਲ, ਲੋਕਾਂ ਨੂੰ ਲੱਭਣ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਕੋਸ਼ਿਸ਼ ਦੇ ਬਾਅਦ, ਫਸੇ ਯਾਤਰੀਆਂ ਨੂੰ ਇੱਕ ਇੱਕ ਕਰਕੇ ਬਚਾ ਲਿਆ ਗਿਆ। ਇਸ ਜ਼ਮੀਨਦੋਜ਼ ਸਬਵੇਅ ਸਟੇਸ਼ਨ ਵਿਚ ਫਸੇ 500 ਤੋਂ ਵੱਧ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ 12 ਵਿਅਕਤੀਆਂ ਦੀ ਮੌਤ ਹੋ ਗਈ।



ਬਚਾਅ ਕਰਨ ਵਾਲਿਆਂ ਦੀ ਹੋਈ ਘਾਟ
ਹੜ੍ਹ ਤੋਂ ਪ੍ਰਭਾਵਤ ਹੈਨਾਨ ਤੋਂ ਹੁਣ ਤੱਕ 1 ਲੱਖ ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਸਥਿਤੀ ਇੰਨੀ ਮਾੜੀ ਹੈ ਕਿ ਬਚਾਅ ਟੀਮਾਂ ਦੀ ਵੀ ਘਾਟ ਹੈ। ਅਜਿਹੀ ਸਥਿਤੀ ਵਿੱਚ 3 ਹਜ਼ਾਰ ਚੀਨੀ ਫ਼ੌਜੀ ਜਵਾਨ ਅਤੇ 2 ਹਜ਼ਾਰ ਅੱਗ ਬੁਝਾਉਣ ਵਾਲੇ ਕਰਮਚਾਰੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।

 

ਰਿਕਾਰਡ ਮੀਂਹ ਪੈਣ ਕਾਰਨ ਕੇਂਦਰੀ ਚੀਨ ਵਿਚ ਸਥਿਤ ਹੇਨਾਨ ਸੂਬੇ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ ਇਕ ਹਜ਼ਾਰ ਸਾਲਾਂ ਵਿਚ ਇਸ ਵਾਰ ਸਭ ਤੋਂ ਵੱਧ ਵਰਖਾ ਦੱਸੀ ਜਾ ਰਹੀ ਹੈ। ਭਾਰੀ ਬਾਰਸ਼ ਨੇ ਡੈਮ ਅਤੇ ਨਦੀ ਦੇ ਕਿਨਾਰਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਜ਼ਮੀਨ ਖਿਸਕਣ ਕਾਰਣ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ।

 

ਮੀਂਹ ਨਾਲ ਡੈਮ ਖਰਾਬ, ਕਦੇ ਵੀ ਡਿੱਗਣ ਦਾ ਡਰ
ਚੀਨ ਹਰ ਸਾਲ ਆਉਣ ਵਾਲੇ ਤਬਾਹਕੁੰਨ ਹੜ੍ਹਾਂ ਨੂੰ ਰੋਕਣ ਲਈ ਆਪਣੇ ਵਿਸ਼ਾਲ ਡੈਮ ਨੈਟਵਰਕ ਦੀ ਵਰਤੋਂ ਕਰ ਰਿਹਾ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ, ਹੜ੍ਹਾਂ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹਜ਼ਾਰਾਂ ਘਰਾਂ ਨੂੰ ਡੋਬ ਦਿੱਤਾ ਹੈ। ਚੀਨ ਦੇ ਵੱਡੇ ਜਲ ਪ੍ਰੋਜੈਕਟ ਹੜ੍ਹਾਂ ਨੂੰ ਰੋਕਣ ਵਿਚ ਅਸਮਰਥ ਸਾਬਤ ਹੋ ਰਹੇ ਹਨ ਅਤੇ ਦਹਾਕਿਆਂ ਪਹਿਲਾਂ ਬਣੇ ਡੈਮਾਂ ਦੀ ਸਮਰੱਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

 

ਹੇਨਾਨ ਸੂਬੇ ਵਿਚ ਇਕ ਡੈਮ ਭਾਰੀ ਬਾਰਸ਼ ਨਾਲ ਨੁਕਸਾਨਿਆ ਗਿਆ ਹੈ ਅਤੇ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦੇ ਵੀ ਢਹਿ ਸਕਦਾ ਹੈ। ਹੈਨਾਨ ਵਿਚ ਕਈ ਥਾਵਾਂ 'ਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਕਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ।