ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਨਾਲ ਪਿਛਲੇ ਤਿੰਨ ਦਿਨਾਂ ਅੰਦਰ ਹੀ ਦੋ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਲੋਕ ਲਾਪਤਾ ਹਨ। ਸਭ ਤੋਂ ਵੱਧ ਮੌਤਾਂ ਸ਼ਿਮਲਾ ਵਿੱਚ ਹੋਈਆਂ ਹਨ। ਇਸ ਦੇ ਇਲਾਵਾ ਸੂਬੇ ਵਿੱਚ 9 ਕੌਮੀ ਮਾਰਗਾਂ ਸਣੇ 887 ਸੜਕਾਂ 'ਤੇ ਆਵਾਜਾਈ ਠੱਪ ਹੋ ਗਈ। ਇਨ੍ਹਾਂ ਵਿੱਚੋਂ 500 ਤੋਂ ਵੱਧ ਸੜਕਾਂ ਹਾਲੇ ਵੀ ਬੰਦ ਹੀ ਪਈਆਂ ਹਨ।


ਰਾਜਧਾਨੀ ਸ਼ਿਮਲਾ ਵਿੱਚ ਵਿੱਚ 403 ਸੜਕਾਂ ਬੰਦ ਪਈਆਂ ਹਨ। ਇਨ੍ਹਾਂ ਨੂੰ ਬਹਾਲ ਕਰਨ ਦਾ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰਸ਼ ਨਾਲ ਲਗਪਗ 575 ਕਰੋੜ ਦਾ ਨੁਕਸਾਨ ਹੋਇਆ ਹੈ। ਹਿਮਾਚਲ ਵਿੱਚ ਬਾਰਸ਼ ਦੇ ਕਹਿਰ ਮਗਰੋਂ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਸੜਕਾਂ ਬਹਾਲ ਕਰਨ ਦੇ ਹੁਕਮ ਦਿੱਤੇ ਹਨ।


ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਤਿੰਨ ਦਿਨਾਂ ਅੰਦਰ 25 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਖੇਤੀ ਮੰਤਰੀ ਰਾਮ ਲਾਲ ਮਾਰਕੰਡੇ ਵੀ ਸਪਿਤੀ ਵਿੱਚ ਫਸੇ ਹੋਏ ਹਨ। ਸੈਲਾਨੀ ਵੀ ਥਾਂ-ਥਾਂ ਫਸੇ ਹੋਏ ਹਨ। ਸਾਰਿਆਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਬਿਜਲੀ ਤੇ ਪਾਣੀ ਦੀ ਸਹੂਲਤ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।