ਕਰਨਾਲ: ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਅਤੇ ਉਸ ਦੇ ਪਿਤਾ ਐਮਪੀ ਗੁਪਤਾ ਨੂੰ ਧਮਕੀ ਭਰੇ ਫੋਨ ਕਾਲ ਆਉਣ ਦੀ ਮੁਢਲੀ ਜਾਂਚ 'ਚ ਖੁਲਾਸਾ ਹੋਇਆ ਹੈ। ਇਹ ਕਾਲ ਨਾ ਤਾਂ ਰਾਮ ਰਹੀਮ ਵਲੋਂ ਆਏ ਅਤੇ ਨਾ ਹੀ ਹਨੀਪ੍ਰੀਤ ਵਲੋਂ। ਜਿਸ ਨੇ ਇਹ ਫੋਨ ਕੀਤਾ ਉਹ ਵਿਸ਼ਵਾਸ ਗੁਪਤਾ ਦਾ ਰਿਸ਼ਤੇਦਾਰ ਹੈ ਜਿਸਦਾ ਉਸ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਨੀਪ੍ਰੀਤ ਦੇ ਸਾਬਕਾ ਪਤੀ ਅਤੇ ਸਾਬਕਾ ਸਹੁਰੇ ਐਮਪੀ ਗੁਪਤਾ ਦੀ ਤਰਫੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਖ਼ਿਲਾਫ਼ ਦੋਸ਼ ਲਗਾਏ ਗਏ ਕਿ ਇਨ੍ਹਾਂ ਦੋਵਾਂ ਨੇ ਮਿਲ ਕੇ ਸਾਜਿਸ਼ ਰਚੀ ਹੈ ਅਤੇ ਉਹ ਸਾਨੂੰ ਮਾਰਨਾ ਚਾਹੁੰਦੇ ਹਨ, ਸਾਨੂੰ ਪਿਛਲੇ ਸਮੇਂ ਵਿੱਚ ਵੀ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ।
ਪੁਲਿਸ ਜਾਂਚ ਤੋਂ ਬਾਅਦ ਮਾਮਲਾ ਕੁਝ ਹੋਰ ਹੀ ਨਿਕਲਿਆ। ਦਰਅਸਲ, ਵਿਸ਼ਵਾਸ਼ ਗੁਪਤਾ ਅਤੇ ਉਸ ਦੇ ਪਿਤਾ ਐਮਪੀ ਗੁਪਤਾ ਦਾ ਆਪਣੇ ਕਿਸੇ ਰਿਸ਼ਤੇਦਾਰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਇਸੇ ਝਗੜੇ ਕਾਰਨ ਉਸ ਵਿਅਕਤੀ ਦਾ ਧਮਕੀ ਭਰਿਆ ਫੋਨ ਆਇਆ। ਵਿਸ਼ਵਾਸ ਗੁਪਤਾ ਅਤੇ ਐਮਪੀ ਗੁਪਤਾ ਨੂੰ ਉਸ ਵਿਅਕਤੀ ਵੱਲੋਂ ਧਮਕੀ ਦਿੱਤੀ ਗਈ ਸੀ।