ਹੁਸ਼ਿਆਰਪੁਰ: ਮਹਿਲਪੁਰ ਦੇ ਨੌਜਵਾਨ ਚਰਨਜੀਤ ਸਿੰਘ ਉਰਫ਼ ਚੰਨੀ ਨੂੰ ਦੁਬਈ 'ਚ ਇੱਕ ਪਾਕਿਸਤਾਨੀ ਲੜਕੇ ਦੇ ਕਤਲ ਕੇਸ ਵਿੱਚ ਦੁਬਈ ਦੀ ਇੱਕ ਅਦਾਲਤ ਨੇ ਗੋਲੀ ਮਾਰ ਕੇ ਕਤਲ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਚਰਨਜੀਤ ਸਿੰਘ (21) ਦਸਵੀਂ ਪਾਸ ਸੀ ਅਤੇ ਉਹ ਘਰ ਦੀ ਗਰੀਬੀ ਦੂਰ ਕਰਨ ਲਈ ਫਰਵਰੀ 2020 ਵਿੱਚ ਇੱਕ ਸਹਾਇਕ ਵਜੋਂ ਦੁਬਈ ਚਲਾ ਗਿਆ ਸੀ। ਉਸ ਦੇ ਜਾਣ ਦੇ ਕੁਝ ਸਮੇਂ ਬਾਅਦ ਜਦ ਰੋਜ਼ੇ ਚੱਲ ਰਹੇ ਸੀ ਤਾਂ ਚਰਨਜੀਤ ਸਣੇ 8 ਲੜਕੇ ਸ਼ਰਾਬ ਦੇ ਇੱਕ ਮਾਮਲੇ 'ਚ ਪੁਲਿਸ ਦੇ ਹੱਥੀਂ ਚੜ੍ਹ ਗਏ।
ਉਸ ਸਮੇਂ ਪੁਲਿਸ ਨੇ ਚਰਨਜੀਤ ਸਿੰਘ ਸਣੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਚਾਰ ਨੌਜਵਾਨ ਮੋਕੇ 'ਤੇ ਫਰਾਰ ਹੋ ਗਏ। ਉਸ ਦੇ ਤਿੰਨ ਸਾਥੀਆਂ ਨੂੰ ਸ਼ਰਾਬ ਦੇ ਕੇਸ ਵਿੱਚ 1-1 ਸਾਲ ਦੀ ਸਜਾ ਸੁਣਾਈ ਗਈ, ਜਦਕਿ ਇੱਕ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ਵਿੱਚ ਚਰਨਜੀਤ ਸਿੰਘ ਉਰਫ ਚੰਨੀ ਨੂੰ ਨਾਮਜ਼ਦ ਕਰ ਲਿਆ ਗਿਆ। ਜਿਨ੍ਹਾਂ ਨੂੰ ਇਕ-ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਨ੍ਹਾਂ 'ਚੋਂ ਇਕ ਨੌਜਵਾਨ ਪਿੰਡ ਟਾਹਲੀ, ਇਕ ਸ਼ੰਕਰ ਤੇ ਇਕ ਹੁਸ਼ਿਆਰਪੁਰ ਦਾ ਸੀ, ਜੋ ਰਿਸ਼ਤੇ 'ਚ ਚਰਨਜੀਤ ਦਾ ਮਾਮਾ ਸੀ। ਤਿੰਨਾਂ ਨੂੰ ਇਕ ਸਾਲ ਦੀ ਸਜਾ ਸੁਣਾਈ ਗਈ ਹੈ ਜਦਕਿ ਚਰਨਜੀਤ ਸਿੰਘ ਦੁਬਈ ਦੀ ਅਲਵਾਟਲਾ ਸੈਂਟਰ ਜੇਲ੍ਹ ਅਬੂ ਧਾਬੀ ਵਿਚ ਬੰਦ ਹੈ।
ਪਰਿਵਾਰ ਵਾਲਿਆਂ ਨੇ ਰੌਂਦੇ ਹੋਏ ਕਿਹਾ ਕਿ ਉਸ ਦੇ ਕਤਲ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਉਨ੍ਹਾਂ ਦੇ ਲੜਕੇ ਦਾ ਕੋਈ ਫੋਨ ਨਹੀਂ ਆਇਆ, ਪਰ ਅਚਾਨਕ 30 ਮਾਰਚ ਨੂੰ ਚਰਨਜੀਤ ਸਿੰਘ ਨੇ ਸਿਰਫ ਦੋ ਮਿੰਟ ਰੋਂਦੇ ਹੋਏ ਫੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਕਿਸੇ ਵੀ ਸਮੇਂ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਉਸ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ 15 ਮਾਰਚ ਨੂੰ ਅਦਾਲਤ ਦੁਆਰਾ ਗੋਲੀ ਮਾਰ ਕੇ ਕਤਲ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਅਤੇ ਇਸ ਘਟਨਾ ਦਾ ਕਿਸੇ ਵੀ ਸਮੇਂ ਆਦੇਸ਼ ਦਿੱਤਾ ਜਾ ਸਕਦਾ ਸੀ।