ਅਮ੍ਰਿੰਤਸਰ: ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਣ ਮਗਰੋਂ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਨਰਮ ਕੀਤੀਆਂ ਗਈਆਂ ਹਨ। ਇਸ ਤਹਿਤ ਕਰੀਬ ਡੇਢ ਮਹੀਨੇ ਬਾਅਦ ਅੱਜ ਹੋਟਲ, ਰੈਸਟੋਰੈਂਟ ਖੁੱਲ੍ਹ ਗਏ ਹਨ। ਅੱਜ ਲੋਕ ਦੁਪਹਿਰ ਵੇਲੇ ਖਾਣਾ ਖਾਣ ਬਾਹਰ ਨਿਕਲੇ। ਹੋਟਲ/ਰੇਸਤਰਾਂ ਮਾਲਕਾਂ ਨੂੰ 50 ਫੀਸਦੀ ਸਮਰੱਥਾ ਤਕ ਹੀ ਟੇਬਲ ਲਾਉਣ ਤੇ ਕੋਵਿਡ ਗਾਈਡਲਾਈਨ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

 

ਅੱਜ ਤੋਂ ਮਿਲੀ ਰਾਹਤ ਮਗਰੋਂ ਘਰ ਤੋਂ ਬਾਹਰ ਖਾਣਾ ਖਾਣ ਆਏ ਲੋਕ ਤਾਂ ਖੁਸ਼ ਹਨ ਪਰ ਹੋਟਲ/ਰੇਸਤਰਾਂ ਮਾਲਕਾਂ 'ਚ ਮਾਯੂਸੀ ਹੈ। ਉਹ ਚਾਹੁੰਦੇ ਹਨ ਕਿ ਸਰਕਾਰ ਨੂੰ ਰਾਤ ਵੇਲੇ ਡਾਈਨਿੰਗ ਦਾ ਸਮਾਂ 11 ਵਜੇ ਤਕ ਦਾ ਕਰਨਾ ਚਾਹੀਦਾ ਹੈ ਕਿਉਂਕਿ ਪਹਿਲਾਂ ਪਿਛਲੇ ਡੇਢ ਸਾਲ ਵਿੱਚ ਵਿੱਤੀ ਨੁਕਸਾਨ ਹੋ ਗਿਆ ਹੈ।

 

ਹੋਟਲ ਮੱਖਣ ਦੇ ਐਮਡੀ ਹਰਜੀਤ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਦੀ ਹਰ ਹਦਾਇਤ ਦੀ ਪਾਲਣਾ ਕਰ ਰਹੇ ਹਾਂ ਪਰ ਸਰਕਾਰ ਨੂੰ ਚੰਡੀਗੜ੍ਹ ਦੀ ਤਰਜ 'ਤੇ ਰਾਤ ਦੇ ਸਮੇਂ ਚ ਇਜਾਫਾ ਕਰਨਾ ਚਾਹੀਦਾ ਹੈ।

 

ਪੰਜਾਬ 'ਚ ਕੀ-ਕੀ ਖੁੱਲ੍ਹ ਸਕੇਗਾ
ਪੰਜਾਬ ਵਿਚ ਰੈਸਟੋਰੈਂਟ, ਸਿਨੇਮਾ, ਜਿੰਮ ਆਦਿ 50 ਫੀਸਦ ਸਮਰਥਾ ਨਾਲ ਖੁੱਲ੍ਹ ਸਕਣਗੇ। ਇਸ ਦੇ ਨਾਲ ਹੀ ਵਿਆਹਾਂ ਤੇ ਅੰਤਿਮ ਸਸਕਾਰ ਵਿੱਚ 50 ਵਿਅਕਤੀਆਂ ਦਾ ਇਕੱਠ  ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਫਿਲਹਾਲ ਬਾਰ, ਕਲੱਬ ਅਤੇ ਅਹਾਤੇ ਹਾਲੇ ਨਹੀਂ ਖੁੱਲ੍ਹ ਸਕਣਗੇ। ਇਸ ਦੌਰਾਨ ਸਾਰੇ ਵਿਦਿਅਕ ਅਦਾਰੇ ਯਾਨੀ ਸਕੂਲ ਤੇ ਕਾਲਜ ਬੰਦ ਰਹਿਣਗੇ।

 

ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪਾਬੰਦੀਆਂ 25 ਜੂਨ ਤੱਕ ਲਾਗੂ ਰਹਿਣਗੀਆਂ। ਇਸ ਮਗਰੋਂ ਕੋਰੋਨਾ ਦੇ ਹਲਾਤਾਂ ਨੂੰ ਵੇਖਦੇ ਹੋਏ ਦੁਬਾਰਾ ਨਜ਼ਰਸਾਨੀ ਕੀਤੀ ਜਾਏਗੀ। ਇਸ ਦੇ ਨਾਲ ਹੀ ਰੋਜ਼ਾਨਾ ਨਾਈਟ ਕਰਫ਼ਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਵੀਕਐਂਡ ਕਰਫ਼ਿਊ ਸ਼ਨੀਵਾਰ ਰਾਤ 8.00 ਵਜੇ ਤੋਂ ਸੋਮਵਾਰ ਸਵੇਰੇ 5.00 ਵਜੇ ਤੱਕ ਲਾਗੂ ਰਹੇਗਾ।