ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਂਗਰਸ ਦਾ ਆਪਸੀ ਮਾਮਲਾ ਹੈ ਪਰ ਇਸ ਮਾਮਲੇ 'ਤੇ ਉਹ ਕਾਂਗਰਸ ਨੂੰ ਸਲਾਹ ਦੇਣਗੇ ਕਿ ਜੇਕਰ ਆਉਂਦੇ ਸਮੇਂ 'ਚ ਗਵਰਨਰ ਰਾਜ ਲਾਗੂ ਹੋ ਜਾਂਦਾ ਹੈ ਤਾਂ ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜੋ ਸੰਘਰਸ਼ ਚਲਾਏ ਜਾ ਰਹੇ ਹਨ ਉਨ੍ਹਾਂ ਨੂੰ ਵੱਡੀ ਢਾਅ ਲੱਗ ਸਕਦੀ ਹੈ।
ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਸਿਆਸੀ ਜਗਤ ਵਿੱਚ ਇੱਕ ਨਵਾਂ ਮੁੱਦਾ ਛਿੜ ਗਿਆ ਹੈ। ਵਿਧਾਇਕ ਸਿਮਰਜੀਤ ਬੈਂਸ ਨੂੰ ਜਦੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਸਾਫ ਕਿਹਾ ਕਿ ਹਾਲਾਂਕਿ ਇਹ ਕਾਂਗਰਸ ਦਾ ਆਪਸੀ ਮੁੱਦਾ ਹੈ, ਪਰ ਲੋਕਾਂ ਅਤੇ ਕਿਸਾਨਾਂ ਦੇ ਪੱਖ 'ਚ ਕਾਂਗਰਸ ਨੂੰ ਤਿੰਨ ਮਹੀਨੇ ਤੱਕ ਸਰਕਾਰ ਹੋਰ ਚਲਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ ਅਤੇ ਜੇਕਰ ਚੋਣਾਂ ਨਾ ਹੋਈਆਂ ਤਾਂ ਪੰਜਾਬ ਦਾ ਮਾਹੌਲ ਬਦਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਖੇਤੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਜੇਕਰ ਗਵਰਨਰ ਰਾਜ ਚੋਣਾਂ ਨਾ ਹੋਣ ਕਰਕੇ ਲਾਗੂ ਹੋ ਜਾਂਦਾ ਹੈ ਤਾਂ ਗਵਰਨਰ ਰਾਜ ਕਿਸਾਨਾਂ ਦੇ ਹੱਕ 'ਚ ਨਹੀਂ ਹੋਵੇਗਾ। ਕਿਸਾਨਾਂ ਦੇ ਅੰਦੋਲਨ ਨੂੰ ਇਸ ਨਾਲ ਵੱਡੀ ਢਾਹ ਲੱਗ ਸਕਦੀ ਹੈ। ਇਸ ਕਰਕੇ ਕਾਂਗਰਸ ਨੂੰ ਇਹੀ ਸਲਾਹ ਦੇਣਾ ਚਾਹੁੰਦਾ ਹਾਂ ਕਿ ਉਹ ਘੱਟੋ ਘੱਟ ਤਿੰਨ ਮਹੀਨੇ ਤੱਕ ਚੋਣਾਂ ਹੋਣ ਤੱਕ ਸਰਕਾਰ ਚਲਾ ਲੈਣ।
ਦਸ ਦਈਏ ਕਿ ਪੰਜਾਬ 'ਚ ਕਾਂਗਰਸ ਕਲੇਸ਼ ਹੋਰ ਵੱਧ ਗਿਆ ਹੈ। ਬੀਤੇ ਦਿਨੀਂ ਖ਼ਬਰ ਆਈ ਸੀ ਕਿ ਕੈਪਟਨ ਖਿਲਾਫ ਕੁਝ ਵਿਧਾਇਕਾਂ ਨੇ ਕਾਂਗਰਸ ਹਾਈਕਮਾਨ ਨੂੰ ਸੀਐਲਪੀ ਦੀ ਮੀਟਿੰਗ ਲੀ ਚਿੱਠੀ ਲਿੱਖੀ ਸੀ। ਪਰ ਇਸ ਬਾਰੇ ਜਦੋਂ ਬੀਤੇ ਦਿਨੀਂ ਅਸੀਂ ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਵੇਰਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਗੋਲਮੋਲ ਜਵਾਬ ਦੇ ਕੇ ਇਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ।
ਜਿਸ ਤੋਂ ਬਾਅਦ ਦੇਰ ਰਾਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿਸ 'ਚ ਸ਼ਨੀਵਾਰ (18 ਸਤੰਬਰ, 2021) ਸ਼ਾਮ ਨੂੰ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਸੀਐਲਪੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਕਿਹਾ। ਇਸ 'ਤੇ, ਸੀਐਮ ਨੇ ਪਾਰਟੀ ਹਾਈਕਮਾਨ ਨੂੰ ਪਾਰਟੀ ਛੱਡਣ ਦੀ ਧਮਕੀ ਵੀ ਦਿੱਤੀ।