ਨਵੀਂ ਦਿੱਲੀ: ਅਗਲੇ ਸਾਲ ਯੂਪੀ, ਉੱਤਰਾਖੰਡ, ਪੰਜਾਬ ਸਮੇਤ ਕਈ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੌਰਾਨ ਤਿੰਨ ਦਿਨ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਗੰਗਾ-ਜਮੁਨੀ ਤਹਿਜ਼ੀਬ ਦਾ ਮੁੱਦਾ ਚੁੱਕਿਆ ਸੀ। ਹਿੰਦੂ-ਮੁਸਲਿਮ ਦੇ ਡੀਐਨਏ ਨੂੰ ਵੀ ਇੱਕ ਦੱਸਿਆ। ਉਸ ਸਮੇਂ ਤੋਂ ਦੇਸ਼ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਸੀਨੀਅਰ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਭਾਗਵਤ ਤੇ ਬੀਜੇਪੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੂੰ ਡੀਐਨਏ ਬਾਰੇ ਵੀ ਕਈ ਪ੍ਰਸ਼ਨ ਪੁੱਛੇ।


ਮੱਧ ਪ੍ਰਦੇਸ਼ ਦੇ ਸਿਹੌਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਗਵਿਜੇ ਸਿੰਘ ਨੇ ਕਿਹਾ ਕਿ ਜੇ ਹਿੰਦੂਆਂ ਤੇ ਮੁਸਲਮਾਨਾਂ ਦਾ ਡੀਐਨਏ ਇੱਕੋ ਹੈ ਤਾਂ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਦੀ ਕੀ ਲੋੜ ਹੈ? 'ਲਵ ਜੇਹਾਦ' ਵਿਰੁੱਧ ਕਾਨੂੰਨ ਦਾ ਕੀ ਫ਼ਾਇਦਾ ਹੈ? ਇਸ ਲਈ ਇਸ ਦਾ ਮਤਲਬ ਹੈ ਮੋਹਨ ਭਾਗਵਤ ਤੇ ਓਵੈਸੀ ਦਾ ਇੱਕੋ ਡੀਐਨਏ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਜੋਤੀਰਾਦਿੱਤਿਆ ਸਿੰਧੀਆ ਨੂੰ ਕੇਂਦਰੀ ਮੰਤਰੀ ਬਣਨ 'ਤੇ ਵਧਾਈ ਦਿੱਤੀ। ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਫੈਸਲਾ ਲੈਂਦੇ ਹਨ ਕਿ ਕੇਂਦਰੀ ਮੰਤਰੀ ਮੰਡਲ 'ਚ ਕੌਣ ਆਵੇਗਾ ਤੇ ਕੌਣ ਜਾਵੇਗਾ। ਇਸ ਲਈ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।

ਪੂਰਾ ਬਿਆਨ ਕੀ ਸੀ?
ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਡਾ. ਖਵਾਜਾ ਇਫਤਿਖਾਰ ਅਹਿਮਦ ਵੱਲੋਂ ਲਿਖੀ ਕਿਤਾਬ 'ਦ ਮੀਟਿੰਗਸ ਆਫ਼ ਮਾਈਂਡਜ਼: ਏ ਬ੍ਰਜਿੰਗ ਇਨੀਸ਼ੀਏਟਿਵ' ਕਿਤਾਬ ਦੇ ਰਿਲੀਜ਼ ਮੌਕੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਅਸੀਂ ਪਿਛਲੇ 40,000 ਸਾਲਾਂ ਤੋਂ ਇੱਕੋ ਪੂਰਵਜ਼ ਦੀ ਸੰਤਾਨ ਹਾਂ।

ਭਾਰਤ ਦੇ ਲੋਕਾਂ ਦਾ ਡੀਐਨਏ ਇਕੋ ਜਿਹਾ ਹੈ। ਹਿੰਦੂ ਤੇ ਮੁਸਲਮਾਨ ਦੋ ਸਮੂਹ ਨਹੀਂ ਹਨ। ਇੱਕਜੁੱਟ ਹੋਣ ਲਈ ਕੁਝ ਵੀ ਨਹੀਂ ਹੈ, ਉਹ ਪਹਿਲਾਂ ਤੋਂ ਹੀ ਇਕੱਠੇ ਹਨ। ਉਨ੍ਹਾਂ ਕਿਹਾ ਕਿ ਹਿੰਦੂ-ਮੁਸਲਿਮ ਏਕਤਾ ਗੁੰਮਰਾਹ ਕਰਨ ਵਾਲੀ ਹੈ, ਕਿਉਂਕਿ ਇਹ ਵੱਖਰੇ ਨਹੀਂ ਸਗੋਂ ਇਕ ਹਨ। ਪੂਜਾ ਦੇ ਢੰਗ-ਤਰੀਕੇ ਦੇ ਅਧਾਰ ਤੇ ਲੋਕਾਂ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ।