ਸੰਗਰੂਰ: ਸੰਗਰੂਰ ਪੁਲਿਸ ਨੇ ਇੱਕ ਡਿਜੀਟਲੀ ਪਹਿਲ ਨਾਮ ਦੀ ਸਹੂਲਤ ਆਮ ਲੋਕਾਂ ਲਈ ਸ਼ੁਰੂ ਕੀਤੀ ਹੈ। ਸੰਗਰੂਰ ਜ਼ਿਲ੍ਹਾ ਕਾਫ਼ੀ ਵੱਡਾ ਹੈ ਤੇ ਲੋਕਾਂ ਨੂੰ ਐਸਐਸਪੀ ਆਫਿਸ ਆਉਣ ਲਈ ਦਿੱਕਤ ਆਉਂਦੀ ਸੀ। ਜ਼ਿਆਦਾ ਸ਼ਿਕਾਇਤਾਂ ਹੋਣ ਕਾਰਨ ਕਈ ਵਾਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਇਸ ਕਾਰਨ ਉਨ੍ਹਾਂ ਨੂੰ ਹਰ ਦਿਨ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਨੂੰ ਵੇਖਦੇ ਹੋਏ ਐਸਐਸਪੀ ਸੰਗਰੂਰ ਵੱਲੋਂ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ ਜਿਸ ਜ਼ਰੀਏ ਲੋਕ ਐਸਐਸਪੀ ਸੰਗਰੂਰ ਨਾਲ ਘਰ ਬੈਠੇ ਵੀਡੀਓ ਕਾਲ ਦੇ ਜ਼ਰੀਏ ਜੁੜਨਗੇ।
ਹੁਣ ਲੋਕਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਜਾਣ ਦੀ ਜ਼ਰੂਰਤ ਨਹੀਂ। ਹੁਣ ਉਹ ਸਿੱਧਾ ਪੁਲਿਸ ਦੁਆਰਾ ਦਿੱਤੇ ਗਏ ਵਟਸਐਪ ਨੰਬਰ 'ਤੇ 8054112112 ਆਪਣਾ ਮੈਸੇਜ ਛੱਡ ਸਕਦੇ ਹਨ। ਜੇਕਰ ਪਹਿਲਾਂ ਕੋਈ ਮਾਮਲਾ ਕਿਸੇ ਪੁਲਿਸ ਸਟੇਸ਼ਨ ਵਿੱਚ ਚੱਲ ਰਿਹਾ ਹੈ ਤੇ ਉਸ ਦੀ ਸੁਣਵਾਈ ਚੰਗੇ ਤਰੀਕੇ ਨਾਲ ਨਹੀਂ ਹੋ ਰਹੀ, ਉਸ ਦਾ ਬਿਊਰਾ ਵੀ ਲੋਕ ਦੇ ਸਕਦੇ ਹਨ। ਉਸ ਕੰਪਲੇਂਟ ਦੀ ਇੱਕ ਫੋਟੋ ਵੀ ਨਾਲ ਦੇ ਸਕਦੇ ਹਨ।
ਇਸ ਤੋਂ ਬਾਅਦ ਆਪਣੇ ਆਪ ਐਸਐਸਪੀ ਆਫਿਸ ਵੱਲੋਂ ਸ਼ਿਕਾਇਤਕਰਤਾ ਨੂੰ ਕਾਲ ਆਵੇਗਾ। ਉਹ ਕਾਲ ਵੀਡੀਓ ਕਾਲ ਹੋਵੇਗਾ। ਉਨ੍ਹਾਂ ਦੀ ਸਿੱਧੀ ਗੱਲ ਐਸਐਸਪੀ ਸੰਗਰੂਰ ਨਾਲ ਕਰਵਾਈ ਜਾਵੇਗੀ। ਉਸੇ ਵਕਤ ਕੰਪਲੇਂਟ ਦੇ ਹਿਸਾਬ ਨਾਲ ਪੁਲਿਸ ਅਧਿਕਾਰੀ ਕੰਪਲੇਂਟ 'ਤੇ ਕੰਮ ਕਰਣਗੇ।
ਖਾਸ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਤਾਂ ਅਜਿਹਾ ਹੁੰਦਾ ਹੈ ਕਿ ਜੋ ਐਸਐਸਪੀ ਦੇ ਧਿਆਨ ਵਿੱਚ ਨਹੀਂ ਰਹਿੰਦੇ, ਪਰ ਇਸ ਮਾਧਿਅਮ ਰਾਹੀਂ ਹੋਈ ਕੰਪਲੇਂਟ ਦਾ ਪੂਰਾ ਬਿਊਰਾ ਐਸਐਸਪੀ ਦੇ ਕੰਪਿਊਟਰ ਵਿੱਚ ਰਹੇਗਾ ਤੇ ਆਪਣੇ ਆਪ ਉਨ੍ਹਾਂ ਦੇ ਧਿਆਨ ਵਿੱਚ ਰਹੇਗਾ। ਸਬੰਧਤ ਅਧਿਕਾਰੀ ਨੇ ਜਵਾਬ ਵੀ ਐਸਐਸਪੀ ਆਫਿਸ ਵਿੱਚ ਦੇਣਾ ਹੋਵੇਗਾ।
ਇਸ ਦੀ ਪੂਰੀ ਜਾਣਕਾਰੀ ਵਟਸਐਪ ਨੰਬਰ 'ਤੇ ਭੇਜ ਦਿੱਤੀ ਜਾਵੇਗੀ। ਐਸਐਸਪੀ ਸੰਗਰੂਰ ਨੇ ਦੱਸਿਆ ਕਿ ਡਿਜੀਟਲ ਪਹਿਲ ਨਾਮ ਦਾ ਪ੍ਰੋਗਰਾਮ ਸ਼ੁਰੂ ਕਰਣ ਵਾਲਾ ਸੰਗਰੂਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ। ਸਾਨੂੰ ਉਮੀਦ ਹੈ ਕਿ ਸਾਨੂੰ ਚੰਗਾ ਰਿਸਪਾਂਸ ਮਿਲੇਗਾ। ਜੇ ਇਹ ਸਹੂਲਤ ਆਮ ਲੋਕਾਂ ਲਈ ਬੇਹੱਦ ਲਾਹੇਬੰਦ ਰਹੇ ਤਾਂ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਹੋ ਸਕਦੀ ਹੈ। ਲੋਕਾਂ ਨੇ ਵੀ ਇਸ 'ਤੇ ਤਸੱਲੀ ਜਤਾਈ। ਉਨ੍ਹਾਂ ਵਟਸਐਪ ਜ਼ਰੀਏ ਆਪਣੀ ਪੁਰਾਣੀ ਸ਼ਿਕਾਇਤ ਦੇ ਚਲਦੇ ਮੈਸੇਜ ਕੀਤਾ। ਇਸ ਤੋਂ ਤੁਰੰਤ ਬਾਅਦ ਐਸਐਸਪੀ ਸੰਗਰੂਰ ਦਾ ਵੀਡੀਓ ਕਾਲ ਵਾਪਸ ਆਈ ਤੇ ਉਨ੍ਹਾਂ ਨੇ ਪੂਰੀ ਗੱਲ ਸੁਣੀ।