ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਂਗਰਸ ਨੂੰ ਦਿੱਤੇ ਆਪਣੇ ਪਹਿਲੇ ਸੰਯੁਕਤ ਸੰਬੋਧਨ 'ਚ ਕਿਹਾ ਕਿ ਅਮਰੀਕਾ ਫਿਰ ਤਰੱਕੀ ਦੇ ਰਾਹ 'ਤੇ ਹੈ। ਬਾਈਡੇਨ ਨੇ ਕਿਹਾ “ਅਸੀਂ ਦੁਬਾਰਾ ਕੰਮ ਕਰ ਰਹੇ ਹਾਂ, ਦੁਬਾਰਾ ਸੁਪਨੇ ਲੈ ਰਹੇ ਹਾਂ, ਦੁਬਾਰਾ ਨਵੀਆਂ ਚੀਜ਼ਾਂ ਲੱਭ ਰਹੇ ਹਾਂ। ਦੁਬਾਰਾ ਦੁਨੀਆ ਦੀ ਅਗਵਾਈ ਕਰ ਰਹੇ ਹਾਂ। ਅਸੀਂ ਇੱਕ-ਦੂਜੇ ਤੇ ਦੁਨੀਆ ਨੂੰ ਦਿਖਾਇਆ ਹੈ ਕਿ ਅਮਰੀਕਾ 'ਚ ਹਾਰ ਮੰਨਣ ਦਾ ਕੋਈ ਵਿਕਲਪ ਨਹੀਂ।"


 


ਬਾਈਡੇਨ ਨੇ ਆਰਥਿਕਤਾ ਬਾਰੇ ਕਿਹਾ, ਅਮਰੀਕਾ ਨੂੰ ਮੁੜ ਵਾਪਸੀ ਲਈ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਅਸੀਂ ਬਿਹਤਰ ਢੰਗ ਨਾਲ ਵਾਪਸ ਆਵਾਂਗੇ ,ਉਨ੍ਹਾਂ ਨੇ ਅਮਰੀਕਾ ਦੇ ਲੋਕਾਂ ਨੂੰ ਕੋਵਿਡ ਵਿਰੋਧੀ ਟੀਕਾ ਲਵਾਉਣ ਦੀ ਅਪੀਲ ਕਰਦਿਆਂ ਕਿਹਾ, "ਜਾਓ, ਟੀਕਾ ਲਵਾਓ। ਟੀਕੇ ਉਪਲਬਧ ਹਨ।"


 


ਬਾਈਡੇਨ ਨੇ ਕਿਹਾ, “ਸੰਯੁਕਤ ਰਾਜ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਖਤ ਫੌਜੀ ਮੌਜੂਦਗੀ ਕਾਇਮ ਰੱਖੇਗਾ। ਇਹ ਟਕਰਾਅ ਆਰੰਭ ਕਰਨ ਲਈ ਨਹੀਂ ਹੈ, ਬਲਕਿ ਦੂਜੇ ਦੇਸ਼ਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਹੈ। ਮੈਂ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੂੰ ਕਿਹਾ ਕਿ ਸੰਯੁਕਤ ਰਾਜ ਸਵਾਗਤ ਕਰਦਾ ਹੈ ਪਰ ਟਕਰਾਅ ਨਹੀਂ ਚਾਹੁੰਦਾ।"


 


ਅਮਰੀਕਾ ਵਿੱਚ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਬਾਈਡੇਨ ਨੂੰ ਬੁਲਾਇਆ ਸੀ। ਰਾਸ਼ਟਰਪਤੀ ਬਾਈਡੇਨ ਨੇ ਪਹਿਲੀ ਵਾਰ ਕਾਂਗਰਸ 'ਚ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ। ਪੇਲੋਸੀ ਨੇ ਬਾਈਡੇਨ ਨੂੰ ਲਿਖੀ ਚਿੱਠੀ 'ਚ ਕਿਹਾ ਸੀ ਕਿ ‘ਤਕਰੀਬਨ 100 ਦਿਨ ਪਹਿਲਾਂ ਜਦੋਂ ਤੁਸੀਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਤਾਂ ਤੁਸੀਂ ਵੱਡੀ ਉਮੀਦ ਨਾਲ ਸਹੁੰ ਖਾਧੀ ਸੀ ਕਿ ਸਹਾਇਤਾ ਮਿਲੇਗੀ।


 


ਉਨ੍ਹਾਂ ਅੱਗੇ ਲਿਖਿਆ ਹੁਣ ਤੁਹਾਡੀ ਇਤਿਹਾਸਕ ਅਤੇ ਪਰਿਵਰਤਨਸ਼ੀਲ ਲੀਡਰਸ਼ਿਪ ਦੇ ਕਾਰਨ, ਸਹਾਇਤਾ ਇੱਥੇ ਪਹੁੰਚ ਗਈ ਹੈ। ਇਸ ਭਾਵਨਾ ਨਾਲ ਹੀ ਮੈਂ ਤੁਹਾਨੂੰ ਇਸ ਇਤਿਹਾਸਕ ਪਲ ਦੀਆਂ ਚੁਣੌਤੀਆਂ ਤੇ ਮੌਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਬੁੱਧਵਾਰ 28 ਅਪ੍ਰੈਲ ਨੂੰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਸੱਦਾ ਦਿੰਦੀ ਹਾਂ। ਇਸ ਤੋਂ ਬਾਅਦ ਰਾਸ਼ਟਰਪਤੀ ਬਾਈਡੇਨ ਨੇ ਪੇਲੋਸੀ ਦਾ ਸੱਦਾ ਸਵੀਕਾਰ ਕਰ ਲਿਆ।