ਮੋਗਾ: ਮੋਗਾ ਦੇ ਕਸਬਾ ਰਾਜੇਆਣਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ-ਦਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਖੇਤਾਂ ਵਿੱਚ ਕੰਮ ਕਰ ਰਹੇ 42 ਸਾਲ ਦੇ ਕੇਵਲ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਦੋਨੋਂ ਮੌਕੇ 'ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਘੰਟੇ ਪਹਿਲਾਂ ਜਦੋਂ ਕੇਵਲ ਸਿੰਘ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਪਿੱਛਿਓਂ ਦੋ ਮੋਟਰਸਾਈਕਲ ਸਵਾਰ ਆਏ ਤੇ ਖੇਤਾਂ ਵਿੱਚ ਕੰਮ ਕਰ ਰਹੇ ਲੇਬਰ ਦਾ ਪਿਆ ਇੱਕ ਲਿਫਾਫਾ ਲੈ ਕੇ ਭੱਜਣ ਲੱਗੇ।
ਉਨ੍ਹਾਂ ਦੱਸਿਆ ਕਿ ਇਸ 'ਤੇ ਕੇਵਲ ਸਿੰਘ ਨੇ ਉਨ੍ਹਾਂ ਦਾ ਪਿੱਛਾ ਕੀਤਾ। ਜਦੋਂ ਦੋਨੋਂ ਨੌਜਵਾਨਾਂ ਨੂੰ ਕੇਵਲ ਸਿੰਘ ਨੇ ਕਾਬੂ ਕਰ ਲਿਆ ਤਾਂ ਉਨ੍ਹਾਂ ਨੇ ਕੇਵਲ ਸਿੰਘ ਨੂੰ ਗੋਲੀ ਮਾਰ ਦਿੱਤੀ। ਕੇਵਲ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਥੇ ਮੌਜੂਦ ਲੋਕਾਂ ਨੇ ਇਹ ਵੀ ਦੱਸਿਆ ਕਿ ਚੋਰੀ ਕੀਤੇ ਗਏ ਲਿਫਾਫੇ ਵਿੱਚ ਖੇਤਾਂ ਵਿੱਚ ਕੰਮ ਕਰ ਰਹੀ ਲੇਬਰ ਦਾ ਖਾਣਾ ਸੀ।
ਮੌਕੇ 'ਤੇ ਪਹੁੰਚੇ ਬਾਘਾਪੁਰਾਣਾ ਦੇ ਡੀਐਸਪੀ ਜਸਵਰਿੰਦਰ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਖੇਤਾਂ ਵਿੱਚ ਕੰਮ ਕਰ ਰਹੇ ਲੇਬਰ ਦਾ ਇੱਕ ਲਿਫਾਫਾ ਲੈ ਕੇ ਭੱਜੇ ਸੀ ਜਿਸ ਦਾ ਪਿੱਛਾ ਕੇਵਲ ਸਿੰਘ ਦੁਆਰਾ ਕੀਤਾ ਗਿਆ ਤੇ ਇੱਕ ਡੇਢ ਕਿਲੋਮੀਟਰ ਅੱਗੇ ਜਾ ਕੇ ਜਦੋਂ ਕੇਵਲ ਸਿੰਘ ਨੇ ਉਨ੍ਹਾਂ ਨੂੰ ਫੜਿਆ ਤਾਂ ਉਨ੍ਹਾਂ ਨੇ ਕੇਵਲ ਸਿੰਘ ਨੂੰ ਗੋਲੀ ਮਾਰ ਦਿੱਤੀ।
ਇਸ ਦੌਰਾਨ ਕੇਵਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਧਾਰਾ 302 ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/