ਮੁੰਬਈ: ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ’ਚ ਇਕੱਲੇ ਮਈ ਮਹੀਨੇ ਦੌਰਾਨ 8,000 ਬੱਚੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਹ ਰਿਪੋਰਟ ਮਿਲਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਨਾਲ ਜੂਝਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਇੰਝ ਤੀਜੀ ਲਹਿਰ ਵਿੱਚ ਬੱਚਿਆਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮਹਾਰਾਸ਼ਟਰ ਦੇ ਸਾਂਗਲੀ ਸ਼ਹਿਰ ਵਿੱਚ ਬੱਚਿਆਂ ਲਈ ਕੋਵਿਡ-19 ਲਈ ਵਿਸ਼ੇਸ਼ ਵਾਰਡ ਤਿਆਰ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜ ਬੱਚਿਆਂ ਦਾ ਇਲਾਜ ਇੱਥੇ ਚੱਲ ਰਿਹਾ ਹੈ। ਹੁਣ ਹੋਰ ਮਰੀਜ਼ਾਂ ਲਈ ਅਜਿਹੀਆਂ ਸੁਵਿਧਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਕਾਰਪੋਰੇਟਰ ਅਭਿਜੀਤ ਭੋਂਸਲੇ ਨੇ ਦੱਸਿਆ ਕਿ ਅਸੀਂ ਨਿੱਕੇ ਬੱਚਿਆਂ ਲਈ ਕੋਵਿਡ ਵਾਰਡ ਤਿਆਰ ਕੀਤਾ ਹੈ, ਤਾਂ ਜੋ ਜਦੋਂ ਵੀ ਤੀਜੀ ਲਹਿਰ ਆਵੇ, ਤਾਂ ਅਸੀਂ ਤਿਆਰ ਹੋਈਏ। ਬੱਚਿਆਂ ਲਈ ਤਿਆਰ ਕੀਤੇ ਜਾ ਰਹੇ ਵਾਰਡ ਹਸਪਤਾਲ ਵਰਗੇ ਨਹੀਂ, ਸਗੋਂ ਵੇਖਣ ਨੂੰ ਕਿਸੇ ਸਕੂਲ ਜਾਂ ਕਿਸੇ ਨਰਸਰੀ ਸਕੂਲ ਵਰਗੇ ਲੱਗਦੇ ਹਨ।
ਅਭਿਜੀਤ ਭੋਂਸਲੇ ਨੇ ਦੱਸਿਆ ਕਿ ਇਸ ਮਹੀਨੇ ਅਹਿਮਦਨਗਰ ਜ਼ਿਲ੍ਹੇ ’ਚ ਹੀ 8,000 ਬੱਚੇ ਕੋਰੋਨਾਵਾਇਰਸ ਦੀ ਲਾਗ ਤੋਂ ਪੀੜਤ ਪਾਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਹੁਣ ਤੀਜੀ ਲਹਿਰ ਦੀਆਂ ਤਿਆਰੀਆਂ ਕਰਨ ਵਾਸਤੇ ਬਾਲ ਰੋਗਾਂ ਦੇ ਮਾਹਿਰ ਡਾਕਟਰਾਂ ਤੱਕ ਪਹੁੰਚ ਕਾਇਮ ਕਰ ਰਿਹਾ ਹੈ।
ਵਿਧਾਇਕ ਸੰਗ੍ਰਾਮ ਜਗਤਾਪ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਦੂਜੀ ਲਹਿਰ ਦੌਰਾਨ ਬਿਸਤਰਿਆਂ ਤੇ ਆਕਸੀਜਨ ਦੀ ਕਮੀ ਪੈਦਾ ਹੋ ਗਈ ਸੀ; ਇਸੇ ਲਈ ਹੁਣ ਅਜਿਹੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿ ਤੀਜੀ ਲਹਿਰ ਦੌਰਾਨ ਅਜਿਹੀ ਕੋਈ ਸਮੱਸਿਆ ਪੈਦਾ ਨਾ ਹੋਵੇ।
ਦੱਸ ਦੇਈਏ ਕਿ ਭਾਰਤ ’ਚ ਸਭ ਤੋਂ ਵੱਧ ਮਹਾਰਾਸ਼ਟਰ ਹੀ ਕੋਰੋਨਾਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋਇਆ ਹੈ। ਇਸੇ ਲਈ ਇਸ ਰਾਜ ਦੀ ਸਰਕਾਰ ਹੁਣ ਇਸ ਪਾਸੇ ਖ਼ਾਸ ਧਿਆਨ ਦੇ ਰਹੀ ਹੈ।