ਨਵੀਂ ਦਿੱਲੀ: ਭਾਰਤ (India) ਤੇ ਚੀਨ (China) ਵਿਚਾਲੇ ਯੁੱਧ ਵਾਲੇ ਹਾਲਾਤ ਬਣ ਰਹੇ ਹਨ। ਚੀਨ ਨੇ ਪਿਛਲੇ ਕੁਝ ਦਿਨਾਂ ਵਿੱਚ ਲੱਦਾਖ ਤੇ ਉੱਤਰੀ ਸਿੱਕਮ ਵਿੱਚ ਕੰਟਰੋਲ ਰੇਖਾ (Indo-china border) ਦੇ ਨਾਲ ਫੌਜਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਚੀਨੀ ਫੌਜ ( Chinese Army) ਨੇ ਭਾਰਤੀ ਖੇਤਰਾਂ ਵਿੱਚ ਘੁਸਪੈਠ ਕਰਕੇ ਅਸਥਾਈ ਟਿਕਾਣੇ ਵੀ ਬਣਾ ਲਏ ਹਨ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ (Army) ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਇਸ ਮਹੀਨੇ ਸੈਨਿਕਾਂ ਦੀਆਂ ਤਿੰਨ ਝੜਪਾਂ ਵੀ ਹੋ ਚੁੱਕੀਆਂ ਹਨ।


ਭਾਰਤ ਨੇ ਵੀ ਚੀਨ ਨੂੰ ਸਖਤ ਤੇਵਰ ਵਿਖਾਏ ਹਨ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਹੈ। ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚੀਨ ਦੀ ਹਰਕਤਾਂ ਬਾਰੇ ਭਾਰਤੀ ਫੌਜ ਦੇ ਜਵਾਬ ਦੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਦੋ ਅਹਿਮ ਫੈਸਲੇ ਲਏ ਗਏ। ਪਹਿਲਾਂ- ਇਸ ਖੇਤਰ ਵਿੱਚ ਸੜਕ ਨਿਰਮਾਣ ਜਾਰੀ ਰਹੇਗਾ। ਦੂਜਾ, ਭਾਰਤੀ ਫੌਜਾਂ ਦੀ ਤਾਇਨਾਤੀ ਚੀਨ ਦੀ ਤਰ੍ਹਾਂ ਹੀ ਰਹੇਗੀ।

ਉਧਰ, ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਨੇ ਵੀ ਭਵਿੱਖ ਵਿੱਚ ਜੰਗ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਆਪਣੀ ਸੈਨਾ ਨੂੰ ਕਿਹਾ ਕਿ ਟ੍ਰੇਨਿੰਗ ਤੇ ਜੰਗ ਦੀ ਤਿਆਰੀ ਨੂੰ ਤੇਜ਼ ਕਰੋ। ਸਭ ਤੋਂ ਮੁਸ਼ਕਲ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਆਪ ਨੂੰ ਤਿਆਰ ਕਰੋ ਤੇ ਦੇਸ਼ ਦੀ ਪ੍ਰਭੂਸੱਤਾ ਲਈ ਮਜ਼ਬੂਤੀ ਨਾਲ ਡਟੇ ਰਹੋ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਮੁਤਾਬਕ, ਜਿਨਪਿੰਗ ਨੇ ਕਿਹਾ ਕਿ ਗੁੰਝਲਦਾਰ ਮਸਲਿਆਂ ਨੂੰ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠੋ।

ਜਿਨਪਿੰਗ ਨੇ ਮੰਗਲਵਾਰ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਤੇ ਪੀਪਲਜ਼ ਆਰਮਡ ਪੁਲਿਸ ਫੋਰਸ ਦੇ ਵਫ਼ਦ ਦੀ ਬੈਠਕ ਵਿੱਚ ਇਹ ਗੱਲ ਕਹੀ। ਉਨ੍ਹਾਂ ਨੇ ਕਿਸੇ ਖ਼ਤਰੇ ਦਾ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸਰਹੱਦ ‘ਤੇ ਚੀਨ ਤੇ ਭਾਰਤ ਦੇ ਸੈਨਿਕਾਂ ਵਿੱਚ ਤਣਾਅ ਹੈ।

ਜਿਨਪਿੰਗ ਨੇ ਰੱਖਿਆ ਵਿੱਚ ਵਿਗਿਆਨਕ ਨਵੀਨਤਾ ‘ਤੇ ਜ਼ੋਰ ਦਿੱਤਾ। ਰੱਖਿਆ ਖਰਚਿਆਂ ‘ਤੇ ਉਨ੍ਹਾਂ ਕਿਹਾ ਕਿ ਹਰ ਪਾਈ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਨਤੀਜੇ ਸਾਹਮਣੇ ਆਉਣ। ਇਸ ਤੋਂ ਪਹਿਲਾਂ 22 ਮਈ ਨੂੰ ਚੀਨ ਨੇ ਆਪਣਾ ਰੱਖਿਆ ਬਜਟ 6.6% ਵਧਾ ਕੇ 179 ਅਰਬ ਡਾਲਰ ਕਰ ਦਿੱਤਾ ਸੀ। ਇਹ ਭਾਰਤ ਦੇ ਰੱਖਿਆ ਬਜਟ ਵਿੱਚ ਤਕਰੀਬਨ ਤਿੰਨ ਗੁਣਾ ਹੈ।

ਭਾਰਤ 'ਚ ਹਿੱਲਜੁੱਲ ਤੇਜ਼:

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਚ ਪੱਧਰੀ ਬੈਠਕ ਬੁਲਾਈ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਐਨਐਸਏ ਅਜੀਤ ਡੋਵਾਲ, ਸੀਡੀਐਸ ਬਿਪਿਨ ਰਾਵਤ ਤੇ ਤਿੰਨੇ ਸੈਨਾ ਮੁਖੀ ਸ਼ਾਮਲ ਹੋਏ। ਇਸ ਤੋਂ ਬਾਅਦ ਮੋਦੀ ਨੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨਾਲ ਵੀ ਵਿਚਾਰ ਵਟਾਂਦਰੇ ਕੀਤੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਲੱਦਾਖ ਵਿੱਚ ਤਣਾਅ ਨੂੰ ਲੈ ਕੇ ਸੀਡੀਐਸ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਤਕਰੀਬਨ ਇੱਕ ਘੰਟਾ ਬੈਠਕ ਕੀਤੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904