ਨਵੀਂ ਦਿੱਲੀ: ਭਾਰਤ ਨੇ ਸੜਕ ਨਿਰਮਾਣ ’ਚ ਵਿਸ਼ਵ ਰਿਕਾਰਡ ਬਣਾਇਆ ਹੈ। ਭਾਰਤ ਦੀ ਕੌਮੀ ਮਾਰਗ ਅਥਾਰਿਟੀ (ਐਨਐਚਏਆਈ) ਨੇ ਮਹਾਰਾਸ਼ਟਰ ਵਿੱਚ ਅਮਰਾਵਤੀ ਤੇ ਅਕੋਲਾ ਜ਼ਿਲ੍ਹਿਆਂ ਵਿਚਾਲੇ ਕੌਮੀ ਮਾਰਗ ’ਤੇ 105 ਘੰਟਿਆਂ ਤੇ 33 ਮਿੰਟਾਂ ’ਚ ਲਗਾਤਾਰ ਕੰਮ ਕਰ ਕੇ 75 ਕਿਲੋਮੀਟਰ ਸੜਕ ਬਣਾ ਕੇ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ। ਸੜਕੀ ਆਵਾਜਾਈ ਤੇ ਕੌਮੀ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 720 ਮਜ਼ਦੂਰਾਂ ਤੇ ਸਲਾਹਕਾਰਾਂ ਦੀ ਇੱਕ ਟੀਮ ਨੇ ਲਗਾਤਾਰ ਦਿਨ-ਰਾਤ ਕੰਮ ਕੀਤਾ ਸੀ। ਗਡਕਰੀ ਨੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ 75 ਕਿਲੋਮੀਟਰ ਦੀ ਸਿੰਗਲ ਲੇਨ ਸੜਕ ਦੀ ਕੁੱਲ ਲੰਬਾਈ 37.5 ਕਿਲੋਮੀਟਰ ਦੀ ਦੋ ਲੇਨ ਵਾਲੀ ਪੱਕੀ ਸੜਕ ਦੇ ਬਰਾਬਰ ਹੈ। ਇਸ ਨੂੰ ਬਣਾਉਣ ਦਾ ਕੰਮ 3 ਜੂਨ ਨੂੰ ਸਵੇਰੇ 7.27 ਵਜੇ ਸ਼ੁਰੂ ਕੀਤਾ ਗਿਆ ਸੀ ਤੇ ਇਹ 7 ਜੂਨ ਨੂੰ ਸ਼ਾਮ 5 ਵਜੇ ਬਣ ਕੇ ਤਿਆਰ ਹੋ ਗਈ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲਾ ਗਿੰਨੀਜ਼ ਵਿਸ਼ਵ ਰਿਕਾਰਡ 25.275 ਕਿਲੋਮੀਟਰ ਸੜਕ ਨਿਰਮਾਣ ਦਾ ਸੀ ਜੋ ਫਰਵਰੀ 2019 ਵਿੱਚ ਦੋਹਾ, ਕਤਰ ’ਚ ਬਣਾਇਆ ਗਿਆ ਸੀ। ਉਹ ਕੰਮ 10 ਦਿਨਾਂ ਵਿੱਚ ਪੂਰਾ ਕੀਤਾ ਗਿਆ ਸੀ। ਅਮਰਾਵਤੀ ਤੋਂ ਅਕੋਲਾ ਸੈਕਸ਼ਨ ਕੌਮੀ ਮਾਰਗ (ਐੱਨਐੱਚ) 53 ਦਾ ਹਿੱਸਾ ਹੈ। ਇਹ ਇੱਕ ਅਹਿਮ ਲਾਂਘਾ ਹੈ ਜੋ ਕੋਲਕਾਤਾ, ਰਾਏਪੁਰ, ਨਾਗਪੁਰ ਤੇ ਸੂਰਤ ਵਰਗੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਦਾ ਹੈ। ਗਡਕਰੀ ਅਨੁਸਾਰ, ਜੇਕਰ ਇਕ ਵਾਰ ਕੰਮ ਪੂਰਾ ਹੋ ਜਾਂਦਾ ਹੈ ਤਾਂ ਇਹ ਹਿੱਸਾ ਇਸ ਰੂਟ ’ਤੇ ਟਰੈਫਿਕ ਤੇ ਢੋਆ-ਢੁਆਈ ਦੀ ਆਸਾਨ ਆਵਾਜਾਈ ਵਿੱਚ ਅਹਿਮ ਰੋਲ ਅਦਾ ਕਰੇਗਾ। ਉਨ੍ਹਾਂ ਇਸ ਪ੍ਰਾਪਤੀ ਲਈ ਐਨਐਚਏਆਈ ਦੇ ਸਾਰੇ ਇੰਜਨੀਅਰਾਂ, ਠੇਕੇਦਾਰਾਂ ਤੇ ਵਰਕਰਾਂ ਨੂੰ ਵਧਾਈ ਦਿੱਤੀ। ਯਾਦ ਰਹੇ ਐਨਐਚਏਆਈ ਪੂਰੇ ਦੇਸ਼ ਅੰਦਰ ਸੜਕਾਂ ਦਾ ਜਾਲ ਵਿਛਾ ਰਹੀ ਹੈ। ਐਨਐਚਏਆਈ ਵੱਲੋਂ ਕਈ ਐਕਸਪ੍ਰੈਸ ਵੇਅ ਬਣਾਏ ਜਾ ਰਹੇ ਹਨ ਜਿਨ੍ਹਾਂ ਉੱਪਰ ਜੰਗੀ ਜਹਾਜ਼ ਤੱਕ ਉਤਾਰੇ ਦਾ ਸਕਦੇ ਹਨ।
ਭਾਰਤ ਨੇ ਬਣਾਇਆ ਵਿਸ਼ਵ ਰਿਕਾਰਡ! 720 ਮਜ਼ਦੂਰਾਂ ਨੇ ਸਿਰਫ 105 ਘੰਟਿਆਂ 'ਚ ਹੀ ਬਣਾ ਦਿੱਤੀ 75 ਕਿਲੋਮੀਟਰ ਸੜਕ
abp sanjha | 09 Jun 2022 09:35 AM (IST)
ਭਾਰਤ ਦੀ ਕੌਮੀ ਮਾਰਗ ਅਥਾਰਿਟੀ (ਐਨਐਚਏਆਈ) ਨੇ ਮਹਾਰਾਸ਼ਟਰ ਵਿੱਚ ਅਮਰਾਵਤੀ ਤੇ ਅਕੋਲਾ ਜ਼ਿਲ੍ਹਿਆਂ ਵਿਚਾਲੇ ਕੌਮੀ ਮਾਰਗ ’ਤੇ 105 ਘੰਟਿਆਂ ਤੇ 33 ਮਿੰਟਾਂ ’ਚ ਲਗਾਤਾਰ ਕੰਮ ਕਰ ਕੇ 75 ਕਿਲੋਮੀਟਰ ਸੜਕ ਬਣਾ ਕੇ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ।
Road