Lawrence Bishnoi Gang : ਹਰਿਆਣਾ ਦੇ ਗੁਰੂਗ੍ਰਾਮ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਕਥਿਤ ਤੌਰ 'ਤੇ ਜੁੜੇ 10 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ 4 ਪਿਸਤੌਲ, 28 ਗੋਲੀਆਂ, ਦੋ ਗੱਡੀਆਂ ਅਤੇ 7 ਪੁਲਿਸ ਵਰਦੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਵਾਹਨਾਂ ਵਿੱਚੋਂ ਇੱਕ ਚੋਰੀ ਦਾ ਵਾਹਨ ਹੈ ,ਜੋ ਦਿੱਲੀ ਤੋਂ ਚੋਰੀ ਕੀਤਾ ਗਿਆ ਸੀ।


ਇਨ੍ਹਾਂ ਆਰੋਪੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ 


ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਰਾਕੇਸ਼ ਕੁਮਾਰ ਉਰਫ਼ ਅਨਿਲ, ਹਰਜੋਤ ਸਿੰਘ ਉਰਫ਼ ਲੀਲਾ, ਅਜੇ ਈਸ਼ਰਵਾਲੀਆ ਉਰਫ਼ ਪੰਜਾਬੀ, ਪ੍ਰਿੰਸ ਉਰਫ਼ ਗੋਲੂ, ਜੋਗਿੰਦਰ ਉਰਫ਼ ਜੋਗਾ, ਸੰਦੀਪ ਉਰਫ਼ ਦੀਪ ਅਤੇ ਸਿੰਦਰਪਾਲ ਉਰਫ਼ ਬਿੱਟੂ ਨੂੰ ਬੁੱਧਵਾਰ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਸਨ। ਉਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਪਰੋਕਤ ਮੁਲਜ਼ਮਾਂ ਨੇ ਆਪਣੇ ਤਿੰਨ ਹੋਰ ਸਾਥੀਆਂ ਧਰਮਿੰਦਰ ਉਰਫ ਧਰਮਾ, ਦੀਪਕ ਉਰਫ ਦਿਲਾਵਰ ਅਤੇ ਭਰਤ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੂੰ ਰਾਜੀਵ ਚੌਕ ਦੇਵੀ ਲਾਲ ਸਟੇਡੀਅਮ ਨੇੜਿਓਂ ਫੜਿਆ ਗਿਆ।

 

ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਆਰੋਪੀ 


ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਕਥਿਤ ਤੌਰ ‘ਤੇ ਸ਼ਾਮਲ ਹਨ। ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਡੀਸੀਪੀ ਕ੍ਰਾਈਮ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਿਸੇ ਵੱਡੀ ਲੁੱਟ ਅਤੇ ਅਗਵਾ ਦੀ ਯੋਜਨਾ ਨੂੰ ਅੰਜਾਮ ਦੇਣ ਲਈ ਗੁਰੂਗ੍ਰਾਮ ਆਏ ਸਨ। ਉਨ੍ਹਾਂ ਦੀ ਯੋਜਨਾ ਪੁਲਿਸ ਮੁਲਾਜ਼ਮ ਦਾ ਭੇਸ ਬਣਾ ਕੇ ਅਪਰਾਧ ਕਰਨ ਦੀ ਸੀ ਅਤੇ ਜੋਗਿੰਦਰ ਪੁਲਿਸ ਇੰਸਪੈਕਟਰ ਦਾ ਭੇਸ ਧਾਰਨ ਕਰਨ ਜਾ ਰਿਹਾ ਸੀ। ਉਨ੍ਹਾਂ ਦਾ ਇਰਾਦਾ ਕਿਸੇ ਨੂੰ ਅਗਵਾ ਕਰਕੇ ਕਰੋੜਾਂ ਰੁਪਏ ਦੀ ਫਿਰੌਤੀ ਵਸੂਲਣ ਦਾ ਸੀ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਦੀ ਯੋਜਨਾ ਸਫਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਫੜ ਲਿਆ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਗੋਲਡੀ ਬਰਾੜ, ਰੋਹਿਤ ਗੋਦਾਰਾ ਅਤੇ ਵੀਰੂ ਦੀਆਂ ਹਦਾਇਤਾਂ ’ਤੇ ਇਹ ਵਾਰਦਾਤਾਂ ਕੀਤੀਆਂ ਹਨ।