Landslides in Sikkim: ਸਿੱਕਮ ਵਿੱਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ।ਇਸ ਜ਼ਮੀਨ ਖਿਸਕਣ ਕਾਰਨ ਉੱਤਰੀ ਸਿੱਕਮ ਵਿੱਚ ਲਗਭਗ 1,000 ਸੈਲਾਨੀ ਫਸੇ ਹੋਏ ਹਨ। ਉੱਥੇ ਅਜੇ ਵੀ ਭਾਰੀ ਮੀਂਹ ਪੈ ਰਿਹਾ ਹੈ। ਸਥਾਨਕ ਪ੍ਰਸ਼ਾਸਨ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਦਿਨੀਂ ਚੁੰਗਥਾਂਗ ਵਿੱਚ ਲਗਭਗ 200 ਸੈਲਾਨੀਆਂ ਦੇ ਵਾਹਨ ਫਸ ਗਏ ਸਨ।

ਖਰਾਬ ਮੌਸਮ ਅਤੇ ਸੜਕੀ ਆਵਾਜਾਈ ਵਿੱਚ ਆ ਰਹੀ ਸਮੱਸਿਆ ਦੇ ਕਰਕੇ ਅਧਿਕਾਰੀਆਂ ਨੇ ਅੱਜ ਉੱਤਰੀ ਸਿੱਕਮ ਲਈ ਪਹਿਲਾਂ ਤੋਂ ਬੁੱਕ ਕੀਤੇ ਸਾਰੇ ਟ੍ਰੈਵਲ ਪਰਮਿਟ ਰੱਦ ਕਰ ਦਿੱਤੇ ਹਨ। ਪਹਿਲਾਂ ਜਾਰੀ ਕੀਤੇ ਗਏ ਐਡਵਾਂਸ ਪਰਮਿਟਾਂ ਨੂੰ ਵੀ ਅਵੈਧ ਘੋਸ਼ਿਤ ਕਰ ਦਿੱਤਾ ਗਿਆ ਹੈ। ਲਾਚੁੰਗ ਅਤੇ ਲਾਚੇਨ ਹਿਲ ਸਟੇਸ਼ਨ ਹਨ ਜੋ ਗੁਰੂਡੋਂਗਮਾਰ ਝੀਲ ਅਤੇ ਯੁਮਥਾਂਗ ਘਾਟੀ ਦੇ ਕਾਰਨ ਆਪਣੀ ਕੁਦਰਤੀ ਸੁੰਦਰਤਾ ਲਈ ਜਾਣੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਮੀਂਹ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਅਗਲੇ ਹੁਕਮਾਂ ਤੱਕ ਸਿੱਕਮ ਵਿੱਚ ਸੈਲਾਨੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੇ ਟ੍ਰੈਵਲ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ।