ਕੋਟਾ: ਜੇਕੇ ਲੋਨ ਸਰਕਾਰੀ ਹਸਪਤਾਲ ਦੀ ਸਥਿਤੀ ਸੁਧਰਨ ਦਾ ਨਾਂ ਨਹੀਂ ਲੈ ਰਹੀ। ਇੱਕ ਹੋਰ ਨਵਜੰਮੇ ਦੀ ਸ਼ੁੱਕਰਵਾਰ ਸਵੇਰੇ ਇੱਥੇ ਮੌਤ ਹੋ ਗਈ। ਮਰਨ ਵਾਲੀ ਲੜਕੀ ਦਾ ਜਨਮ 15 ਦਿਨ ਪਹਿਲਾਂ ਹੋਇਆ ਸੀ। ਮਾਪੇ ਉਸ ਦਾ ਨਾਂ ਵੀ ਨਹੀਂ ਰੱਖ ਸਕੇ ਸਨ। ਪਿਛਲੇ 34 ਦਿਨਾਂ ਵਿੱਚ ਹਸਪਤਾਲ ਵਿੱਚ 105 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਬੇਸ਼ਰਮੀ ਨਾਲ ਬੈਠਾ ਹੈ।

ਜੈਪੁਰ ਤੋਂ 4 ਘੰਟੇ ਦੂਰ ਹੋਣ ਦੇ ਬਾਵਜੂਦ ਰਾਜ ਦੇ ਸਿਹਤ ਮੰਤਰੀ ਰਘੂ ਸ਼ਰਮਾ ਵੀਰਵਾਰ ਤੱਕ ਇਥੇ ਨਹੀਂ ਆਏ ਪਰ ਜਦੋਂ ਉਹ ਸ਼ੁੱਕਰਵਾਰ ਨੂੰ ਹਸਪਤਾਲ ਪਹੁੰਚੇ ਤਾਂ ਪ੍ਰਸ਼ਾਸਨ ਨੇ ਰਾਤੋ-ਰਾਤ ਹਸਪਤਾਲ ਦੇ ਸਾਰੇ ਵਾਰਡਾਂ ਵਿੱਚ ਸਫਾਈ ਤੇ ਪੇਂਟ ਕਰਵਾ ਦਿੱਤਾ। ਬਿਸਤਰੇ 'ਤੇ ਨਵੀਆਂ ਚਾਦਰਾਂ ਰੱਖੀਆਂ ਗਈਆਂ, ਮੰਤਰੀ ਦਾ ਸਵਾਗਤ ਕਰਨ ਲਈ ਗ੍ਰੀਨ ਕਾਰਪੈਟ ਵਿਛਾਇਆ ਗਿਆ। ਸਾਰੇ ਡਾਕਟਰ ਹਸਪਤਾਲ ਵਿੱਚ ਸਵੇਰੇ 8 ਵਜੇ ਆਪਣੇ ਕਮਰਿਆਂ ਵਿੱਚ ਪਹੁੰਚ ਗਏ। ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਮੰਤਰੀ ਦੇ ਸਾਹਮਣੇ ਸਭ ਕੁਝ ਚੰਗੀ ਦੱਸਣ ਲਈ ਕਿਹਾ ਗਿਆ।

ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਮੰਤਰੀ ਦੇ ਸਵਾਗਤ ਲਈ ਹਸਪਤਾਲ ਦੇ ਮੁੱਖ ਗੇਟ ’ਤੇ ਰੱਖੇ ਹਰੇ ਰੰਗ ਦੀ ਗਲੀਚੇ ’ਤੇ ਇਤਰਾਜ਼ ਜਤਾਇਆ। ਮਰੀਜ਼ਾਂ ਨੇ ਕਿਹਾ ਕਿ ਮੰਤਰੀ ਇੱਥੇ ਉਦਘਾਟਨ ਸਮਾਰੋਹ ਲਈ ਆ ਰਿਹਾ ਹੈ ਜਾਂ ਹਸਪਤਾਲ ਦੀਆਂ ਮੁਸ਼ਕਲਾਂ ਦੂਰ ਕਰਨ ਲਈ? ਜੇਕੇ ਲੋਨ ਕੋਟਾ-ਬੂੰਦੀ ਸੰਸਦੀ ਖੇਤਰ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਇਸ ਖੇਤਰ ਤੋਂ ਸੰਸਦ ਮੈਂਬਰ ਹਨ।

ਮੰਤਰੀ ਰਘੂ ਸ਼ਰਮਾ ਦੀ ਫੇਰੀ ਕਾਰਨ 10 ਭਾਜਪਾ ਵਰਕਰ ਪ੍ਰਦਰਸ਼ਨ ਕਰਨ ਲਈ ਹਸਪਤਾਲ ਪਹੁੰਚੇ ਪਰ ਪੁਲਿਸ ਨੇ ਉੁਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸ਼ੁੱਕਰਵਾਰ ਸਵੇਰੇ ਮਰਨ ਵਾਲੀ ਲੜਕੀ ਦੀ ਦਾਦੀ ਨੇ ਕਿਹਾ ਕਿ ਲੜਕੀ ਦਾ ਸਹੀ ਇਲਾਜ ਨਹੀਂ ਕੀਤਾ ਗਿਆ। ਇਸ ਹਸਪਤਾਲ ਵਿੱਚ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ।

ਪਿਛਲੇ ਮਹੀਨੇ, ਜੇਕੇ ਲੋਨ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਲਗਾਤਾਰ ਹੁੰਦੀ ਰਹੀ, ਪਰ ਕੋਟਾ ਜਾਣ ਦੀ ਬਜਾਏ, ਮੰਤਰੀ ਰਘੂ ਸ਼ਰਮਾ ਜੈਪੁਰ ਤੋਂ ਬਿਆਨਬਾਜ਼ੀ ਕਰਦੇ ਰਹੇ। ਜਦੋਂ 25 ਦਸੰਬਰ ਤੋਂ ਬਾਅਦ ਅਚਾਨਕ ਇਹ ਅੰਕੜਾ ਵਧਣਾ ਸ਼ੁਰੂ ਹੋਇਆ, ਤਾਂ ਉਨ੍ਹਾਂ ਨੇ ਸਿਰਫ ਇੱਕ ਜਾਂਚ ਕਮੇਟੀ ਨੂੰ ਕੋਟਾ ਭੇਜ ਦਿੱਤਾ। ਜਿਸ ਦੀ ਰਿਪੋਰਟ 'ਤੇ ਸਿਰਫ ਕੁਝ ਡਾਕਟਰਾਂ ਨੂੰ ਘੇਰਿਆ ਗਿਆ ਸੀ।

ਕੋਟਾ ਨਾ ਜਾਣ ਬਾਰੇ ਜਦੋਂ ਮੰਤਰੀ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 'ਮੈਂ ਜੈਪੁਰ ਤੋਂ ਹੀ ਸਿਸਟਮ ਨੂੰ ਸੁਧਾਰ ਰਿਹਾ ਹਾਂ,ਕੋਟਾ ਕਿਸੇ ਵੀ ਸਮੇਂ ਚਲਾ ਜਾਵਾਂਗਾ'