Monsoon Session - ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਯਾਨੀ 2 ਅਗਸਤ ਨੂੰ 10ਵਾਂ ਦਿਨ ਹੈ। ਪਿਛਲੇ 9 ਦਿਨਾਂ ਤੋਂ ਹਰ ਰੋਜ਼ ਮਣੀਪੁਰ ਮੁੱਦੇ 'ਤੇ ਵਿਰੋਧੀ ਧਿਰ ਸਦਨ 'ਚ ਹੰਗਾਮਾ ਕਰ ਰਹੀ ਹੈ, ਜਿਸ ਕਾਰਨ ਸਦਨ ਦੀ ਕਾਰਵਾਈ 'ਚ ਵਿਘਨ ਪੈ ਰਿਹਾ ਹੈ। ਮੰਗਲਵਾਰ ਨੂੰ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।


ਅੱਜ ਲੋਕ ਸਭਾ ਦਿੱਲੀ 'ਚ ਅਫਸਰਾਂ ਦੇ ਤਬਾਦਲੇ ਨਾਲ ਸਬੰਧਤ ਬਿੱਲ 'ਤੇ ਚਰਚਾ ਹੋਵੇਗੀ। ਇਹ ਬਿੱਲ ਮੰਗਲਵਾਰ ਨੂੰ ਲੋਕ ਸਭਾ ਵਿੱਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪੇਸ਼ ਕੀਤਾ। ਇਸ ’ਤੇ ਵਿਰੋਧੀ ਧਿਰ ਦੇ ਆਗੂਆਂ ਨੇ ਸਦਨ ’ਚ ਹੰਗਾਮਾ ਕੀਤਾ ਅਤੇ ਸ਼ਰਮ ਕਰੋ-ਸ਼ਰਮ ਕਰੋ ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਬਿੱਲ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ।


ਦੂਜੇ ਪਾਸੇ ਬੇਭਰੋਸਗੀ ਮਤੇ 'ਤੇ 8 ਤੋਂ 10 ਅਗਸਤ ਦਰਮਿਆਨ ਬਹਿਸ ਹੋਵੇਗੀ। ਇਹ ਫੈਸਲਾ ਲੋਕ ਸਭਾ ਦੀ ਵਪਾਰ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਦੇ ਸਕਦੇ ਹਨ।


ਵਿਰੋਧੀ ਧਿਰ ਨੇ ਮਣੀਪੁਰ ਮੁੱਦੇ 'ਤੇ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਹੈ। ਇਸ ਦੀ ਮੰਗ ਹੈ ਕਿ ਮਣੀਪੁਰ 'ਚ ਹੋਈ ਹਿੰਸਾ 'ਤੇ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ ਅਤੇ ਪੀਐੱਮ ਮੋਦੀ ਇਸ 'ਤੇ ਵਿਸਥਾਰ ਨਾਲ ਬਿਆਨ ਦੇਣ।


ਵਿਰੋਧੀ ਗਠਜੋੜ I.N.D.I.A ਦੇ ਮੈਂਬਰਾਂ ਨੇ ਮਣੀਪੁਰ ਮੁੱਦੇ 'ਤੇ ਤੁਰੰਤ ਚਰਚਾ ਨਾ ਹੋਣ ਕਾਰਨ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੀ ਤਰਫੋਂ ਮਲਿਕਾਰਜੁਨ ਖੜਗੇ ਨੇ ਮਣੀਪੁਰ ਮੁੱਦੇ 'ਤੇ ਚਰਚਾ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਸਮਾਂ ਮੰਗਿਆ ਹੈ।


ਲੋਕ ਸਭਾ ਦੀ ਹੁਣ ਤੱਕ ਦੀ ਕਾਰਵਾਈ 


ਜਨਮ-ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ 1 ਅਗਸਤ ਨੂੰ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਸੀ। ਇਸ ਤਹਿਤ ਹੁਣ ਕਿਸੇ ਵੀ ਵਿੱਦਿਅਕ ਸੰਸਥਾ ਵਿੱਚ ਦਾਖ਼ਲੇ ਲਈ, ਡਰਾਈਵਿੰਗ ਲਾਇਸੈਂਸ ਬਣਾਉਣ, ਵੋਟਰ ਸੂਚੀ ਵਿੱਚ ਨਾਮ ਜੋੜਨ, ਆਧਾਰ ਨੰਬਰ, ਵਿਆਹ ਰਜਿਸਟ੍ਰੇਸ਼ਨ ਅਤੇ ਨੌਕਰੀ ਲਈ ਨਿਯੁਕਤੀ ਲਈ ਜਨਮ ਸਰਟੀਫਿਕੇਟ ਦਿੱਤਾ ਜਾ ਸਕਦਾ ਹੈ।


ਇੱਕ ਸਵਾਲ ਦੇ ਜਵਾਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਤਹਿਤ 14.8 ਲੱਖ ਖਾਤੇ ਖੋਲ੍ਹੇ ਗਏ ਹਨ। ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਸਰਕਾਰ ਨੇ ਔਰਤਾਂ ਅਤੇ ਬੱਚਿਆਂ ਲਈ ਇਹ ਸਕੀਮ ਸ਼ੁਰੂ ਕੀਤੀ ਹੈ।


ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਪੱਤਰਕਾਰਾਂ ਸਮੇਤ ਦੇਸ਼ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਲਈ ਜ਼ਰੂਰੀ ਹੈ। ਇਸ ਦੇ ਲਈ ਸਟੈਂਡਰਡ ਆਪਰੇਟਿੰਗ ਸਿਸਟਮ (SOP) ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।


ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ (2018 ਤੋਂ 2022 ਤੱਕ) ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੇ 53, 336 ਕਰਮਚਾਰੀਆਂ ਨੇ ਨੌਕਰੀ ਛੱਡ ਦਿੱਤੀ ਹੈ। ਇਸ ਵਿੱਚ 47,000 ਸੈਨਿਕਾਂ ਨੇ ਸਵੈ-ਇੱਛਾ ਨਾਲ ਸੇਵਾਮੁਕਤੀ ਲਈ ਅਤੇ 6,336 ਸੈਨਿਕਾਂ ਨੇ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ 658 CAPF ਜਵਾਨਾਂ ਨੇ ਖੁਦਕੁਸ਼ੀ ਕੀਤੀ ਹੈ।


ਕੇਂਦਰੀ ਗ੍ਰਹਿ ਮੰਤਰਾਲੇ ਨੇ ਲੋਕ ਸਭਾ ਵਿੱਚ ਦੱਸਿਆ ਕਿ ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣ ਲਈ ਵੱਖ-ਵੱਖ ਥਾਵਾਂ ਤੋਂ ਸੁਝਾਅ ਆਉਂਦੇ ਰਹਿੰਦੇ ਹਨ। ਇਸ ਲਈ ਕਿਸੇ ਰਸਮੀ ਸੁਝਾਅ ਦੀ ਲੋੜ ਨਹੀਂ ਹੈ। ਭਾਰਤ ਰਤਨ ਕਿਸ ਨੂੰ ਦਿੱਤਾ ਜਾਣਾ ਹੈ, ਇਹ ਫੈਸਲਾ ਸਰਕਾਰ ਲੈਂਦੀ ਹੈ।