World's 20 Most Polluted Cities: ਦਿੱਲੀ ਲਗਾਤਾਰ ਛੇਵੇਂ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ਹੋਈ ਹੈ। ਸਵਿਟਜ਼ਰਲੈਂਡ ਦੀ ਵਾਯੂ ਗੁਣਵੱਤਾ ਤਕਨਾਲੋਜੀ ਕੰਪਨੀ IQAir ਦੀ ਵਰਲਡ ਏਅਰ ਕੁਆਲਿਟੀ ਰਿਪੋਰਟ 2024 ਮੁਤਾਬਕ, ਦਿੱਲੀ ਇਸ ਸਾਲ ਵੀ ਪ੍ਰਦੂਸ਼ਣ ਦੇ ਮਾਮਲੇ ਵਿੱਚ ਪਹਿਲੇ ਸਥਾਨ 'ਤੇ ਹੈ। ਸ਼ਹਿਰਾਂ ਦੀ ਸ਼੍ਰੇਣੀ ਵਿੱਚ NCR ਦੇ ਲੋਨੀ, ਨੋਇਡਾ ਅਤੇ ਗ੍ਰੇਟਰ ਨੋਇਡਾ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹਨ।


ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 13 ਭਾਰਤ ਦੇ


ਰਿਪੋਰਟ ਅਨੁਸਾਰ, ਭਾਰਤ 2024 ਵਿੱਚ ਦੁਨੀਆ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਬਣ ਗਿਆ ਹੈ। 2023 ਵਿੱਚ ਭਾਰਤ ਤੀਜੇ ਸਥਾਨ 'ਤੇ ਸੀ। 2024 ਵਿੱਚ PM 2.5 ਦੇ ਪੱਧਰ ਵਿੱਚ 7% ਦੀ ਗਿਰਾਵਟ ਦੇਖੀ ਗਈ ਹੈ। ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 13 ਭਾਰਤ ਵਿੱਚ ਹਨ। ਅਸਾਮ ਦਾ ਬਰਨੀਹਾਟ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਰਿਪੋਰਟ ਮੁਤਾਬਕ, ਪਾਕਿਸਤਾਨ ਦੇ 4 ਅਤੇ ਚੀਨ ਦਾ 1 ਸ਼ਹਿਰ ਵੀ ਟਾਪ-20 ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹਨ।



ਪ੍ਰਦੂਸ਼ਿਤ ਸ਼ਹਿਰਾਂ ਵਿੱਚ ਇਹ ਭਾਰਤੀ ਸ਼ਹਿਰ ਸ਼ਾਮਲ


ਅਸਾਮ ਦਾ ਬਰਨੀਹਾਟ, ਦਿੱਲੀ, ਪੰਜਾਬ ਦਾ ਮੁੱਲਾਂਪੁਰ, ਹਰਿਆਣਾ ਦਾ ਫਰੀਦਾਬਾਦ, ਗੁਰਗਾਓਂ, ਉੱਤਰ ਪ੍ਰਦੇਸ਼ ਦਾ ਲੋਨੀ (ਗਾਜ਼ੀਆਬਾਦ), ਨੋਇਡਾ, ਗ੍ਰੇਟਰ ਨੋਇਡਾ, ਮੁਜ਼ਫ਼ਰਨਗਰ, ਅਤੇ ਰਾਜਸਥਾਨ ਦੇ ਗੰਗਾਨਗਰ, ਭਿਵਾੜੀ ਤੇ ਹਨੂੰਮਾਨਗੜ੍ਹ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਰਿਪੋਰਟ ਮੁਤਾਬਕ, ਅਸਾਮ ਅਤੇ ਮੇਘਾਲਯਾ ਦੀ ਸੀਮਾ 'ਤੇ ਸਥਿਤ ਬਰਨੀਹਾਟ 'ਚ ਉੱਚ ਪੱਧਰੀ ਪ੍ਰਦੂਸ਼ਣ ਇਥੋਂ ਦੇ ਸਥਾਨਕ ਕਾਰਖਾਨਿਆਂ ਦੇ ਧੂੰਏ ਅਤੇ ਨਿਕਾਸ ਕਾਰਨ ਹੈ।



ਰਿਪੋਰਟ ਅਨੁਸਾਰ, 35% ਭਾਰਤੀ ਸ਼ਹਿਰਾਂ 'ਚ PM 2.5 ਦੀ ਸਾਲਾਨਾ ਸਤਰ WHO ਦੀ ਸੀਮਾ ਤੋਂ 10 ਗੁਣਾ ਵੱਧ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ, PM 2.5 ਦੀ ਮੰਨਣਯੋਗ ਸੀਮਾ 5 ਮਾਈਕ੍ਰੋ ਗ੍ਰਾਮ ਪ੍ਰਤੀ ਘਣ ਮੀਟਰ ਹੈ, ਪਰ 35% ਭਾਰਤੀ ਸ਼ਹਿਰਾਂ 'ਚ ਇਹ ਪੱਧਰ ਇਸ ਤੋਂ 10 ਗੁਣਾ ਵੱਧ ਹੈ।


ਦਿੱਲੀ ਪੂਰੇ ਸਾਲ ਉੱਚ ਵਾਯੂ ਪ੍ਰਦੂਸ਼ਣ ਨਾਲ ਜੂਝਦੀ ਹੈ, ਜੋ ਕਿ ਸਰਦੀਆਂ 'ਚ ਹੋਰ ਵੀ ਗੰਭੀਰ ਹੋ ਜਾਂਦਾ ਹੈ। ਇਸ ਦਾ ਕਾਰਨ ਮੌਸਮੀ ਹਾਲਾਤ, ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ,  ਪਰਾਲੀ ਸਾੜਨਾ, ਪਟਾਕੇ ਚਲਾਉਣ ਦਾ ਧੂੰਆਂ ਅਤੇ ਹੋਰ ਸਥਾਨਕ ਪ੍ਰਦੂਸ਼ਣ ਸਰੋਤ ਹਨ, ਜੋ ਹਵਾ ਦੀ ਗੁਣਵੱਤਾ ਨੂੰ ਖਤਰਨਾਕ ਪੱਧਰ 'ਤੇ ਪਹੁੰਚਾ ਦਿੰਦੇ ਹਨ।


ਵਾਯੂ ਪ੍ਰਦੂਸ਼ਣ ਦੇ ਮੁੱਖ ਸਰੋਤ:



  • ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ

  • ਫੈਕਟਰੀਆਂ ਤੇ ਕਾਰਖਾਨਿਆਂ ਦਾ ਧੂੰਆਂ

  • ਲੱਕੜ ਜਾਂ ਪਰਾਲੀ ਸਾੜਨਾ


ਭਾਰਤ 'ਚ ਵਾਯੂ ਪ੍ਰਦੂਸ਼ਣ ਕਾਰਨ ਜੀਵਨ ਆਯੂ 5.2 ਸਾਲ ਘੱਟ, ਹਰ ਸਾਲ 15 ਲੱਖ ਮੌਤਾਂ ਦਾ ਸੰਭਾਵਨਾ


ਭਾਰਤ 'ਚ ਵਾਯੂ ਪ੍ਰਦੂਸ਼ਣ ਇੱਕ ਗੰਭੀਰ ਸਿਹਤ ਸੰਕਟ ਬਣ ਗਿਆ ਹੈ, ਜਿਸ ਕਾਰਨ ਲੋਕਾਂ ਦੀ ਜੀਵਨ ਆਯੂ ਲਗਭਗ 5.2 ਸਾਲ ਘੱਟ ਹੋ ਰਹੀ ਹੈ। ‘ਲਾਂਸੇਟ ਪਲੈਨਟਰੀ ਹੈਲਥ’ ਦੇ ਇੱਕ ਅਧਿਐਨ (2009-2019) ਮੁਤਾਬਕ, ਹਰ ਸਾਲ 15 ਲੱਖ ਲੋਕਾਂ ਦੀ ਮੌਤ ਦੀ ਇੱਕ ਵੱਡੀ ਵਜ੍ਹਾ ਲੰਬੇ ਸਮੇਂ ਤੱਕ PM 2.5 ਪ੍ਰਦੂਸ਼ਣ ਦੇ ਸੰਪਰਕ 'ਚ ਰਹਿਣਾ ਹੋ ਸਕਦੀ ਹੈ।


ਵਿਸ਼ਵ ਸਿਹਤ ਸੰਗਠਨ (WHO) ਦੀ ਪੂਰਵ ਮੁੱਖ ਵਿਗਿਆਨੀ ਅਤੇ ਸਿਹਤ ਮੰਤਰਾਲੇ ਦੀ ਸਲਾਹਕਾਰ ਸੌਮਿਆ ਸੁਆਮੀਨਾਥਨ ਨੇ ਕਿਹਾ - "ਸਾਡੇ ਕੋਲ ਡੇਟਾ ਮੌਜੂਦ ਹੈ, ਹੁਣ ਕਾਰਵਾਈ ਦੀ ਲੋੜ ਹੈ"


ਉਨ੍ਹਾਂ ਨੇ ਕਿਹਾ ਕਿ ਕੁਝ ਹੱਲ ਆਸਾਨ ਹਨ, ਜਿਵੇਂ ਕਿ ਜੀਵਾਸ਼ਮ ਇੰਧਨ ਦੀ ਬਜਾਏ LPG ਦੀ ਵਰਤੋਂ। ਸਰਕਾਰ ਨੂੰ ਵਾਧੂ ਗੈਸ ਸਿਲੰਡਰਾਂ 'ਤੇ ਹੋਰ ਵਧੇਰੇ ਸਬਸਿਡੀ ਦੇਣੀ ਚਾਹੀਦੀ ਹੈ। ਇਸਦੇ ਨਾਲ-ਨਾਲ, ਜਨਤਕ ਆਵਾਜਾਈ ਪ੍ਰਣਾਲੀ ਦਾ ਵਿਸ਼ਤਾਰ ਵੀ ਬਹੁਤ ਜ਼ਰੂਰੀ ਹੈ।