138th Congress Foundation Day: ਕਾਂਗਰਸ ਅੱਜ ਦੇਸ਼ ਭਰ ਵਿੱਚ ਆਪਣਾ 138ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਸਰਕਾਰ ਵਿੱਚ ਭਾਰਤ ਦੀ ਮੂਲ ਭਾਵਨਾ 'ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਤੇ ਨਫ਼ਰਤ ਦੀ ਖਾਈ ਪੁੱਟੀ ਜਾ ਰਹੀ ਹੈ। ਕਾਂਗਰਸ ਭਾਰਤ ਜੋੜੋ ਯਾਤਰਾ ਰਾਹੀਂ ਦੇਸ਼ ਭਰ ਦਾ ਦੌਰਾ ਕਰ ਰਹੀ ਹੈ।
ਅੱਜ ਪਾਰਟੀ ਦੇ 138ਵੇਂ ਸਥਾਪਨਾ ਦਿਵਸ ਮੌਕੇ ਝੰਡਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ ਤੇ ਨਫ਼ਰਤ ਵਿਰੁੱਧ ਲੜਨ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਖੜਗੇ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ 'ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਖੜਗੇ ਨੇ ਕਿਹਾ,"ਭਾਰਤ ਦੀ ਆਜ਼ਾਦੀ ਦੇ ਆਸ-ਪਾਸ ਕਈ ਹੋਰ ਦੇਸ਼ ਵੀ ਆਜ਼ਾਦ ਹੋ ਗਏ ਸਨ ਪਰ ਕਈ ਦੇਸ਼ਾਂ 'ਚ ਤਾਨਾਸ਼ਾਹੀ ਨੇ ਸੱਤਾ ਦੀ ਵਾਗਡੋਰ ਸੰਭਾਲੀ। ਭਾਰਤ ਨਾ ਸਿਰਫ਼ ਇਕ ਸਫ਼ਲ ਅਤੇ ਮਜ਼ਬੂਤ ਲੋਕਤੰਤਰ ਬਣ ਗਿਆ, ਸਗੋਂ ਕੁਝ ਦਹਾਕਿਆਂ 'ਚ ਅਸੀਂ ਇਕ ਆਰਥਿਕ, ਪਰਮਾਣੂ, ਮਿਜ਼ਾਈਲਾਂ ਰਣਨੀਤਕ ਖੇਤਰ 'ਚ ਇਕ ਮਹਾਸ਼ਕਤੀ ਬਣ ਗਏ। ਭਾਰਤ ਖੇਤੀਬਾੜੀ, ਸਿੱਖਿਆ, ਮੈਡੀਕਲ, ਸੂਚਨਾ ਤਕਨਾਲੋਜੀ ਅਤੇ ਸੇਵਾਵਾਂ 'ਚ ਦੁਨੀਆ ਦੇ ਚੋਟੀ ਦੇ ਦੇਸ਼ਾਂ 'ਚੋਂ ਇਕ ਬਣ ਗਿਆ ਹੈ।''
ਉਨ੍ਹਾਂ ਕਿਹਾ,"ਇਹ ਸਭ ਆਪਣੇ ਆਪ ਨਹੀਂ ਹੋਇਆ। ਇਹ ਕਾਂਗਰਸ ਦੇ ਲੋਕਤੰਤਰ 'ਚ ਵਿਸ਼ਵਾਸ ਕਾਰਨ ਹੋਇਆ ਹੈ, ਇਹ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਾਡੀ ਵਿਚਾਰਧਾਰਾ ਕਾਰਨ ਹੋਇਆ ਹੈ, ਇਹ ਸਾਡੇ ਗਿਆਨ ਅਤੇ ਵਿਗਿਆਨ 'ਚ ਵਿਸ਼ਵਾਸ ਕਾਰਨ ਹੋਇਆ ਹੈ।" ਉਨ੍ਹਾਂ ਕਿਹਾ,‘‘ਇਹ ਸੰਵਿਧਾਨ 'ਚ ਪੂਰਨ ਵਿਸ਼ਵਾਸ ਕਾਰਨ ਹੋਇਆ ਹੈ, ਜੋ ਸਾਰਿਆਂ ਲਈ ਬਰਾਬਰ ਅਧਿਕਾਰਾਂ ਅਤੇ ਬਰਾਬਰ ਮੌਕੇ ਦੀ ਗਾਰੰਟੀ ਦਿੰਦਾ ਹੈ।’’ ਖੜਗੇ ਨੇ ਕਿਹਾ,''ਸੋਨੀਆ ਗਾਂਧੀ ਦੇ ਪਾਰਟੀ ਪ੍ਰਧਾਨ ਕਾਲ 'ਚ, ਜਦੋਂ ਯੂ.ਪੀ.ਏ. ਦੀ ਸਰਕਾਰ ਬਣੀ ਸੀ, ਉਦੋਂ ਸੂਚਨਾ ਦਾ ਅਧਿਕਾਰ ਕਾਨੂੰਨ, ਸਿੱਖਿਆ ਦਾ ਅਧਿਕਾਰ ਕਾਨੂੰਨ, ਖਾਧ ਸੁਰੱਖਿਆ ਕਾਨੂੰਨ, ਮਨਰੇਗਾ, ਜੰਗਲਾਤ ਅਧਿਕਾਰ ਜਾਂ ਜ਼ਮੀਨ ਐਕਵਾਇਰ ਕਾਨੂੰਨ ਹੋਵੇ, ਹੌਂਦ 'ਚ ਆਏ। ਇਹ ਕਾਂਗਰਸ ਦੀ ਵਿਚਾਰ ਦੀ ਛਾਪ ਹੈ, ਜੋ ਉਸ ਨੇ ਜਨਤਾ ਅਤੇ ਦੇਸ਼ 'ਤੇ ਛੱਡੀ ਹੈ।'' ਉਨ੍ਹਾਂ ਦੋਸ਼ ਲਗਾਇਆ,''ਭਾਰਤ ਦੀ ਮੂਲ ਭਾਵਨਾ 'ਤੇ ਲਗਾਤਾਰ ਵਾਰ ਹੋ ਰਿਹਾ ਹੈ। ਨਫ਼ਰਤ ਦੀ ਖਾਈ ਦੇਸ਼ 'ਚ ਪੁੱਟੀ ਜਾ ਰਹੀ ਹੈ। ਲੋਕ ਮਹਿੰਗਾਈ, ਬੇਰੁਜ਼ਗਾਰੀ ਨਾਲ ਪੀੜਤ ਹਨ ਪਰ ਸਰਕਾਰ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਹੈ।''