ਤਿਰੂਵੰਨਤਪੁਰਮ: ਖ਼ੁਫ਼ੀਆ ਏਜੰਸੀਆਂ ਨੇ ਸ਼੍ਰੀਲੰਕਾ ਤੇ ਭਾਰਤ ਦੇ ਦਰਮਿਆਨ ਸਮੁੰਦਰ ਵਿੱਚ ਇਸਲਾਮਿਕ ਸਟੇਟਸ ਦੇ ਅੱਤਵਾਦੀਆਂ ਦੀ ਮੌਜੂਦਗੀ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਚੌਕਸੀ ਸੰਦੇਸ਼ ਮੁਤਾਬਕ 15 ਅੱਤਵਾਦੀ ਕਿਸ਼ਤੀ ਰਾਹੀਂ ਸਵਾਰ ਹੋ ਕੇ ਭਾਰਤ ਪਹੁੰਚ ਸਕਦੇ ਹਨ। ਉਹ ਸਮੁੰਦਰ ਰਾਹੀਂ ਸ਼੍ਰੀਲੰਕਾ ਤੋਂ ਲਕਸ਼ਦੀਪ ਵੱਲ ਵੱਧ ਰਹੇ ਹਨ।


ਇਸ ਮਗਰੋਂ ਕੇਰਲ ਪੁਲਿਸ ਨੇ ਸਮੁੰਦਰੀ ਕੰਢੇ ਸਥਿਤ ਜ਼ਿਲ੍ਹਿਆਂ ਵਿੱਚ ਹਾਈਅਲਰਟ ਜਾਰੀ ਕਰ ਦਿੱਤਾ ਹੈ ਤੇ ਹਰ ਸ਼ੱਕੀ ਬੋਟ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਚੌਕਸੀ ਵਧਾਉਣ ਲਈ ਅਲਰਟ ਜਾਰੀ ਕਰਨਾ ਆਮ ਗੱਲ ਹੈ ਪਰ ਇਸ ਵਾਰ ਸਾਨੂੰ ਅੱਤਵਾਦੀਆਂ ਦੀ ਗਿਣਤੀ ਤਕ ਦੱਸੀ ਗਈ ਹੈ। ਇਸ ਲਈ ਉਹ ਚੌਕਸ ਹਨ।

ਉੱਧਰ, ਤੱਟ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਫ਼ਸਰ ਸ਼੍ਰੀਲੰਕਾ ਅਟੈਕ ਅਤੇ 23 ਮਈ ਨੂੰ ਅੱਤਵਾਦੀਆਂ ਬਾਰੇ ਅਲਰਟ ਮਿਲਣ ਮਗਰੋਂ ਹੀ ਚੌਕਸ ਹੋ ਗਏ ਹਨ। ਆਈਐਸ ਅੱਤਵਾਦੀਆਂ ਨੇ ਬੀਤੀ 21 ਅਪਰੈਲ ਨੂੰ ਈਸਟਰ ਮੌਕੇ ਸ਼੍ਰੀਲੰਕਾ ਵਿੱਚ ਅੱਠ ਲੜੀਵਾਰ ਧਮਾਕੇ ਕੀਤੇ ਸਨ, ਜਿਸ ਵਿੱਚ 250 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਮਗਰੋਂ ਕੇਰਲ ਵਿੱਚ ਅਲਰਟ ਹੈ। ਐਨਆਈਏ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਧਮਾਕਿਆਂ ਦੀ ਯੋਜਨਾ ਉਲੀਕਣ ਲਈ ਅੱਤਵਾਦੀ ਕੁਝ ਦਿਨ ਕੇਰਲ ਵਿੱਚ ਰੁਕੇ ਰਹੇ ਸਨ।