ਨਵੀਂ ਦਿੱਲੀ : ਦੱਖਣੀ ਕਸ਼ਮੀਰ 'ਚ ਸਥਿਤ ਪਵਿੱਤਰ ਅਮਰਨਾਥ ਗੁਫਾ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਕਈ ਲੋਕ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ 16 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੀ ਪੁਸ਼ਟੀ ਕਰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਕਰੀਬ 40 ਲੋਕ ਲਾਪਤਾ ਹਨ ਅਤੇ ਪੰਜ ਨੂੰ ਬਚਾ ਲਿਆ ਗਿਆ ਹੈ। ਸ਼ਨੀਵਾਰ ਸਵੇਰੇ ਸਾਰੀਆਂ ਲਾਸ਼ਾਂ ਨੂੰ ਬਾਲਟਾਲ ਭੇਜ ਦਿੱਤਾ ਗਿਆ ਹੈ।


ਕੱਲ੍ਹ ਪਵਿੱਤਰ ਅਸਥਾਨ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਸੀ। ਜਿਸ ਦੌਰਾਨ 10 ਲੋਕਾਂ ਦੇ ਮੌਤ ਦੀ ਪੁਸ਼ਟੀ ਹੋਈ ਹੈ। ਮੀਂਹ ਪਾਣੀ ਦੇ ਤੇਜ਼ ਵਹਾਅ ਨਾਲ ਕਈ ਟੈਂਟ ਨੁਕਸਾਨੇ ਗਏ ਅਤੇ ਕਈ ਸ਼ਰਧਾਲੂਆਂ ਦੇ ਫਸੇ ਹੋਣ ਦਾ ਵੀ ਖਦਸ਼ਾ ਹੈ ਨਾਲ ਹੀ ਮੌਤਾਂ ਦੀ ਗਿਣਤੀ ਵੀ ਵੱਧ ਸਕਦੀ ਹੈ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ  'ਚ ਜੁਟੀਆਂ ਹਨ। ਦੱਸਿਆ ਜਾ ਰਿਹਾ ਹੈ ਸ਼ਾਮ ਕਰੀਬ 5.30 ਵਜੇ ਇਹ ਘਟਨਾ ਵਪਰੀ ਹੈ। 


ਆਈਜੀਪੀ ਕਸ਼ਮੀਰ ਨੇ ਦੱਸਿਆ ਕਿ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਕੁਝ ਲੰਗਰ ਅਤੇ ਟੈਂਟ ਅਚਾਨਕ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। 2 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ, NDRF ਅਤੇ SF ਵੱਲੋਂ ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਥਿਤੀ ਕਾਬੂ ਹੇਠ ਹੈ। ਇਸ ਦੇ ਨਾਲ ਹੀ ਪਹਿਲਗਾਮ ਸੰਯੁਕਤ ਪੁਲਿਸ ਕੰਟਰੋਲ ਰੂਮ ਤੋਂ ਕਿਹਾ ਗਿਆ ਕਿ ਅਮਰਨਾਥ ਗੁਫਾ ਦੇ ਨੀਵੇਂ ਇਲਾਕਿਆਂ 'ਚ ਸ਼ਾਮ ਕਰੀਬ 5.30 ਵਜੇ ਬੱਦਲ ਫਟਣ ਦੀ ਸੂਚਨਾ ਮਿਲੀ।


NDRF, SDRF ਅਤੇ ਹੋਰ ਏਜੰਸੀਆਂ ਵੱਲੋਂ ਬਚਾਅ ਕਾਰਜ ਜਾਰੀ ਹੈ। ਆਈਟੀਬੀਪੀ ਨੇ ਕਿਹਾ ਕਿ ਬਚਾਅ ਟੀਮਾਂ ਕੰਮ 'ਤੇ ਹਨ। ਆਈਟੀਬੀਪੀ ਦੀਆਂ ਟੀਮਾਂ ਸਮੇਤ ਹੋਰ ਏਜੰਸੀਆਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ। ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਬੱਦਲ ਫਟ ਗਏ। 


ਦਸ ਦਈਏ ਕਿ 30 ਜੂਨ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਦਰਸ਼ਨਾਂ ਲਈ ਅਮਰਨਾਥ ਯਾਤਰਾ 'ਤੇ ਹਨ । 43 ਦਿਨਾਂ ਦੀ ਯਾਤਰਾ 11 ਅਗਸਤ ਨੂੰ ਸਮਾਪਤ ਹੋਵੇਗੀ। ਇਸ ਸਾਲ ਦੀ ਯਾਤਰਾ ਵਿੱਚ ਲਗਭਗ ਤਿੰਨ ਲੱਖ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਯਾਤਰਾ 'ਚ ਹੁਣ ਤੱਕ 65,000 ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਮੌਸਮ ਖ਼ਰਾਬ ਹੋਣ ਕਾਰਨ ਯਾਤਰਾ ਨੂੰ 2 ਤੋਂ 3 ਦਿਨ ਵਿਚਾਲੇ ਹੀ ਰੋਕਣਾ ਪੈਂਦਾ ਹੈ।