ਮਹੀਨੇ ਦੇ ਪਹਿਲੇ ਦਿਨ ਵਾਪਰੇ ਹਾਦਸਿਆਂ 'ਚ ਗਈਆਂ 84 ਜਾਨਾਂ
ਏਬੀਪੀ ਸਾਂਝਾ | 02 Jul 2018 12:09 PM (IST)
ਚੰਡੀਗੜ੍ਹ: ਕੱਲ੍ਹ, ਯਾਨੀ ਪਹਿਲੀ ਜੁਲਾਈ ਦਾ ਦਿਨ ਇਤਿਹਾਸ ਵਿੱਚ ‘ਹਾਦਸਿਆਂ ਦਾ ਦਿਨ’ ਦੇ ਨਾਂਅ ਨਾਲ ਦਰਜ ਹੋ ਗਿਆ ਹੈ। ਦੇਸ਼ ਤੋਂ ਲੈਕੇ ਵਿਦੇਸ਼ ਤਕ ਕੱਲ੍ਹ ਵੱਖ-ਵੱਖ ਥਾਈਂ ਵਾਪਰੀਆਂ ਚਾਰ ਵੱਡੀਆਂ ਘਟਨਾਵਾਂ ਵਿੱਚ ਘੱਟੋ-ਘੱਟ 84 ਜਣਿਆਂ ਦੀ ਮੌਤ ਹੋਈ ਤੇ ਕਈ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕੱਲ੍ਹ ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਇੱਕ ਘਰ ਵਿੱਚੋਂ 11 ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮਰਨ ਵਾਲਿਆਂ ਵਿੱਚ 7 ਮਹਿਲਾਵਾਂ ਤੇ ਚਾਰ ਪੁਰਸ਼ ਸ਼ਾਮਲ ਸੀ। ਕੁਝ ਲਾਸ਼ਾਂ ਫਾਹੇ ਨਾਲ ਲਮਕੀਆਂ ਹੋਈਆਂ ਮਿਲੀਆਂ ਕੁਝ ਜ਼ਮੀਨ ’ਤੇ ਪਈਆਂ ਸੀ। ਲਾਸ਼ਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸੀ। ਕੁਝ ਦੀਆਂ ਅੱਖਾਂ ’ਚੇ ਪੱਟੀ ਬੰਨ੍ਹੀ ਹੋਈ ਸੀ। ਪਰਿਵਾਰ ਭਾਟੀਆ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਲੱਕੜ ਦੀ ਕਾਰੋਬਾਰ ਕਰਦਾ ਸੀ। ਉੱਤਰਾਖੰਡ ਦੇ ਪੌੜੀ ਗੜ੍ਹਵਾਲ ਇਲਾਕੇ ਵਿੱਚ ਬੱਸ ਦੇ ਖਾਈ ਵਿੱਚ ਡਿੱਗਣ ਕਾਰਨ 48 ਜਣਿਆਂ ਦੀ ਮੌਤ ਹੋਈ। ਨੈਨੀਡਾਂਡਾ ਬਲਾਕ ਦੇ ਧੂਮਾਕੋਟ ਇਲਾਕੇ ਵਿੱਚ ਸਵੇਰੇ ਪੌਣੇ ਨੌਂ ਵਜੇ ਵਾਪਰੇ ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੈ। ਬੱਸ ਭੋਂਨਕੋਟ ਤੋਂ ਰਾਮਨਗਰ ਵੱਲ ਜਾ ਰਹੀ ਸੀ ਤੇ ਪਿੰਡ ਕਵੀਨ ਨੇੜੇ ਕਰੀਬ 60 ਮੀਟਰ ਹੇਠਾਂ ਖਾਈ ਵਿੱਚ ਡਿੱਗ ਗਈ। ਦੱਸਿਆ ਜਾਂਦਾ ਹੈ ਕਿ ਹਾਦਸਾ ਬੱਸ ਵਿੱਚ ਸਵਾਰੀਆਂ ਦੀ ਓਵਰਲੋਡਿੰਗ ਕਾਰਨ ਵਾਪਰਿਆ। ਬੱਸ ਵਿੱਚ ਕਰੀਬ 30 ਸਵਾਰੀਆਂ ਦੀ ਸਮਰਥਾ ਸੀ ਪਰ ਲਗਪਗ 60 ਸਵਾਰੀਆਂ ਬਠਾਈਆਂ ਹੋਈਆਂ ਸੀ। ਇਸ ਵਜ੍ਹਾ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਡਰਾਈਵਰ ਕੋਲੋਂ ਸੰਭਾਲਿਆ ਨਹੀਂ ਗਿਆ, ਜਿਸ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਮਹਾਂਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿੱਚ ਬੇਕਾਬੂ ਹੋਈ ਭੀੜ ਨੇ ਕੱਲ੍ਹ ਬੱਚਾ ਚੋਰ ਸਮਝ ਕੇ ਪੰਜ ਜਣਿਆਂ ਨੂੰ ਕੁੱਟ-ਕੁੱਟ ਕੇ ਮਾਰ ਸੁੱਟਿਆ। ਬੀਤੇ ਇੱਕ ਹਫ਼ਤੇ ਤੋਂ ਜ਼ਿਲ੍ਹੇ ਵਿੱਛ ਬੱਚੇ ਚੋਰੀ ਕਰਨ ਵਾਲੇ ਗਰੋਹ ਦੇ ਸਰਗਰਮ ਹੋਣ ਦੀ ਅਫ਼ਵਾਹ ਉੱਡੀ ਹੋਈ ਸੀ। ਇਸੇ ਅਫ਼ਵਾਹ ਕਰਕੇ ਭੀੜ ਨੇ ਸ਼ੱਕੀ 5 ਜਣਿਆਂ ਦੀ ਅਜਿਹੀ ਕੁੱਟਮਾਰ ਕੀਤੀ ਕਿ ਉਨ੍ਹਾਂ ਦੀ ਜਾਨ ਚਲੀ ਗਈ। ਘਟਨਾ ਐਤਵਾਰ ਨੂੰ ਜ਼ਿਲ੍ਹੇ ਦੇ ਸਾਕਰੀ ਤਾਲੁਕਾ ਵਿੱਛ ਵਾਪਰੀ। ਮਾਮਲੇ ਵਿੱਚ ਪੁਲਿਸ ਨੇ 23 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿੱਚ ਆਤਮਘਾਤੀ ਬੰਬ ਧਮਾਕੇ ’ਚ 20 ਜਣਿਆਂ ਦੀ ਮੌਤ ਹੋਈ ਤੇ ਕਈ ਜ਼ਖ਼ਮੀ ਹੋ ਗਏ। ਮਾਰੇ ਗਏ 20 ਜਣਿਆਂ ਵਿੱਚੋਂ 12 ਸਿੱਖ ਤੇ ਹਿੰਦੂ ਸਨ। ਹਾਲਾਂਕਿ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 11 ਸਿੱਖਾਂ ਦੀਆਂ ਮੌਤਾਂ ਹੋਣ ਦਾ ਦਾਅਵਾ ਕੀਤਾ ਹੈ ਜਦਕਿ ਬਾਰ੍ਹਵੇਂ ਦੀ ਪਛਾਣ ਹੋਣਾ ਬਾਕੀ ਹੈ। ਇਸ ਹਮਲੇ ਵਿੱਚ ਸਥਾਨਕ ਸਿੱਖ ਲੀਡਰ ਅਵਤਾਰ ਸਿੰਘ ਖ਼ਾਲਸਾ ਦੀ ਵੀ ਮੌਤ ਹੋ ਗਈ। ਘਟਨਾ ਇੱਕ ਅੱਤਵਾਦੀ ਵੱਲੋਂ ਆਤਮਘਾਤੀ ਬੰਬ ਧਮਾਕੇ ਨਾਲ ਵਾਪਰੀ।