ਦੇਹਰਾਦੂਨ : ਉੱਤਰਾਖੰਡ ਪੁਲਿਸ ਨੇ ਦੇਹਰਾਦੂਨ 'ਚ ਸੜਕ 'ਤੇ ਕੁਰਸੀ ਲਗਾ ਕੇ ਕਥਿਤ ਤੌਰ 'ਤੇ ਸ਼ਰਾਬ ਪੀਣ ਦੇ ਦੋਸ਼ 'ਚ ਫਰਾਰ ਯੂਟਿਊਬਰ ਬੌਬੀ ਕਟਾਰੀਆ 'ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਐਸਐਸਪੀ ਦੇਹਰਾਦੂਨ ਦਿਲੀਪ ਸਿੰਘ ਕੁੰਵਰ ਨੇ ਦੱਸਿਆ ਕਿ ਦੇਹਰਾਦੂਨ ਪੁਲਿਸ ਨੇ ਅਦਾਲਤ ਤੋਂ ਮੁਲਜ਼ਮ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਹਾਸਲ ਕਰ ਲਿਆ ਹੈ। ਪੁਲਿਸ ਨੇ ਕਟਾਰੀਆ ਨੂੰ ਗ੍ਰਿਫ਼ਤਾਰ ਕਰਨ ਲਈ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਉਸ ਦੇ ਘਰ 'ਤੇ ਵੀ ਛਾਪਾ ਮਾਰਿਆ ਸੀ ਪਰ ਉਹ ਫਰਾਰ ਹੈ। ਇਸ ਤੋਂ ਬਾਅਦ ਮੁਲਜ਼ਮ ਬੌਬੀ ਕਟਾਰੀਆ 'ਤੇ 25 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਹਾਲ ਹੀ 'ਚ ਕਟਾਰੀਆ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਸੜਕ ਦੇ ਵਿਚਕਾਰ ਕੁਰਸੀ ਰੱਖ ਕੇ ਸ਼ਰਾਬ ਪੀਂਦੇ ਨਜ਼ਰ ਆ ਰਹੇ ਸਨ। ਜਾਂਚ 'ਚ ਸਾਹਮਣੇ ਆਇਆ ਕਿ ਇਹ ਵੀਡੀਓ ਦੇਹਰਾਦੂਨ-ਮਸੂਰੀ ਸੜਕ ਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਟਾਰੀਆ ਵਿਰੁੱਧ ਧਾਰਾ 290 (ਜਨਤਕ ਪ੍ਰੇਸ਼ਾਨੀ), 510 (ਜਨਤਕ ਥਾਂ 'ਤੇ ਸ਼ਰਾਬ ਦਾ ਸੇਵਨ), 336 (ਮਨੁੱਖੀ ਜ਼ਿੰਦਗੀ ਜਾਂ ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖਤਰੇ 'ਚ ਪਾਉਣਾ) ਅਤੇ 342 (ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਕਰਨਾ) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਅਧੀਨ ਕੇਸ ਦਰਜ ਕੀਤਾ ਹੈ।
ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਕਟਾਰੀਆ ਨੂੰ ਤਿੰਨ ਨੋਟਿਸ ਭੇਜੇ ਸਨ। ਉਸ ਨੇ ਇਕ ਦਾ ਵੀ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨਾ ਪਿਆ। ਹਰਿਆਣਾ ਦੇ ਰਹਿਣ ਵਾਲੇ ਕਟਾਰੀਆ ਨੇ ਪਿਛਲੇ ਹਫ਼ਤੇ ਆਪਣੇ ਇੰਸਟਾਗ੍ਰਾਮ 'ਤੇ ਇਹ ਵੀਡੀਓ ਪੋਸਟ ਕੀਤੀ ਸੀ, ਜਿਸ ਦੇ ਬੈਕਗ੍ਰਾਊਂਟ 'ਚ 'ਰੋਡਸ ਆਪਣੇ ਬਾਪ ਕੀ' ਦੇ ਬੋਲ ਵਾਲਾ ਗੀਤ ਵੱਜਦਾ ਸੁਣਾਈ ਦੇ ਰਿਹਾ ਸੀ। ਕਟਾਰੀਆ ਆਪਣੇ ਇੱਕ ਪੁਰਾਣੇ ਵੀਡੀਓ ਨੂੰ ਲੈ ਕੇ ਵੀ ਮੁਸੀਬਤ 'ਚ ਹੈ, ਜਿਸ 'ਚ ਉਹ ਸਪਾਈਸਜੈੱਟ ਦੇ ਜਹਾਜ਼ 'ਚ ਸਿਗਰਟ ਪੀਂਦੇ ਨਜ਼ਰ ਆ ਰਿਹਾ ਹੈ।
ਕਟਾਰੀਆ ਦੇ ਜਹਾਜ਼ 'ਚ ਸਿਗਰਟ ਪੀਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਹਾਲਾਂਕਿ ਸਪਾਈਸਜੈੱਟ ਨੇ ਆਪਣੇ ਸਪੱਸ਼ਟੀਕਰਨ 'ਚ ਕਿਹਾ ਸੀ ਕਿ ਸਿਗਰਟ ਪੀਣ ਦੀ ਘਟਨਾ 20 ਜਨਵਰੀ ਨੂੰ ਦੁਬਈ-ਦਿੱਲੀ ਉਡਾਣ 'ਚ ਵਾਪਰੀ, ਜਦੋਂ ਯਾਤਰੀ ਜਹਾਜ਼ 'ਚ ਸਵਾਰ ਸਨ ਅਤੇ ਕੈਬਿਨ ਕਰੂ ਮੈਂਬਰ ਫਲਾਈਟ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ 'ਚ ਰੁੱਝੇ ਹੋਏ ਸਨ। ਜਾਂਚ ਤੋਂ ਬਾਅਦ ਸਪਾਈਸਜੈੱਟ ਨੇ ਕਟਾਰੀਆ ਨੂੰ 15 ਦਿਨਾਂ ਲਈ ‘ਨੋ ਫਲਾਇੰਗ ਲਿਸਟ’ ਵਿੱਚ ਪਾ ਦਿੱਤਾ ਸੀ। ਹਾਲਾਂਕਿ ਲਵਿੰਦਰ ਕਟਾਰੀਆ ਉਰਫ਼ ਬੌਬੀ ਕਟਾਰੀਆ ਨੇ ਦਾਅਵਾ ਕੀਤਾ ਕਿ ਇਹ ਇੱਕ ਡਮੀ ਜਹਾਜ਼ ਸੀ ਅਤੇ ਇਹ ਦੁਬਈ 'ਚ ਉਸ ਦੀ ਸ਼ੂਟਿੰਗ ਦਾ ਹਿੱਸਾ ਸੀ। ਕਟਾਰੀਆ ਦੇ ਇੰਸਟਾਗ੍ਰਾਮ 'ਤੇ 6.3 ਲੱਖ ਫਾਲੋਅਰਜ਼ ਹਨ।