ਅੰਮ੍ਰਿਤਸਰ: ਪਾਕਿਸਤਾਨ ਤੋਂ ਲੂਣ ਦੇ ਟਰੱਕ ਵਿੱਚ ਲੁਕੋ ਕੇ ਭਾਰਤ ਲਿਆਂਦੀ ਕੁੱਲ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਕਸਟਮ ਵਿਭਾਗ ਵੱਲੋਂ ਚਿੱਟੇ ਤੋਂ ਇਲਾਵਾ 52 ਕਿੱਲੋ ਮਿਸ਼ਰਤ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ।


ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਚਾਰ ਵਜੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਟਰੱਕ ਵਿੱਚ 600 ਬੋਰੀਆਂ ਨਮਕ ਲੱਦਿਆ ਹੋਇਆ ਸੀ। ਲੱਦੇ ਮਾਲ ਵਿੱਚੋਂ 15 ਬੋਰੀਆਂ ਵਿੱਚ ਇਹ ਨਸ਼ਾ ਭਰਿਆ ਹੋਇਆ ਸੀ। ਇਸ ਲੂਣ ਨੂੰ ਮੰਗਵਾਉਣ ਵਾਲੇ ਵਪਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਮਾਸਟਰਮਾਈਂਡ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਬੀਤੀ ਰਾਤ 'ਏਬੀਪੀ ਸਾਂਝਾ' ਨੇ ਸਭ ਤੋਂ ਪਹਿਲਾਂ ਨਸ਼ੇ ਦੀ ਇਸ ਵੱਡੀ ਖੇਪ ਬਰਾਮਦ ਹੋਣ ਦੀ ਖ਼ਬਰ ਜਾਰੀ ਕੀਤੀ ਸੀ ਪਰ ਉਦੋਂ 30 ਕਿੱਲੋ ਨਸ਼ਾ ਬਰਾਮਦ ਹੋਣ ਦੀ ਖ਼ਬਰ ਸੀ। ਬਾਅਦ ਵਿੱਚ 100 ਕਿੱਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਵੀ ਆਈ ਸੀ, ਪਰ ਦੇਰ ਰਾਤ ਤਕ ਜਾਂਚ ਜਾਰੀ ਹੋਣ ਕਾਰਨ ਸਹੀ ਅੰਕੜੇ ਬਾਰੇ ਪਤਾ ਨਹੀਂ ਸੀ ਲੱਗ ਸਕਿਆ। ਅੰਤ ਵਿੱਚ ਇਸ ਹੈਰੋਇਨ ਦਾ ਵਜ਼ਨ 532 ਕਿੱਲੋ ਨਿੱਕਲਿਆ। ਕਸਟਮ ਵਿਭਾਗ ਹੁਣ ਹੈਰੋਇਨ ਨਾਲ ਫੜੇ 52 ਕਿੱਲੋ ਦੇ ਸ਼ੱਕੀ ਪਦਾਰਥ ਨੂੰ ਜਾਂਚਣ ਲਈ ਲੈਬੋਰਟਰੀ ਭੇਜੇਗਾ।

ਕਸਟਮ ਵਿਭਾਗ ਨੇ ਇਸ ਮਾਮਲੇ ਨੂੰ ਪਾਕਿਸਤਾਨੀ ਅਧਿਕਾਰੀਆਂ ਦੀ ਨਾਕਮੀ ਦੱਸਿਆ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਸਿੱਧੇ ਰੂਪ ਵਿੱਚ ਹੀ ਵਪਾਰਕ ਲਾਂਘੇ ਰਾਹੀਂ ਭੇਜਿਆ ਜਾ ਰਿਹਾ ਸੀ। ਉੱਧਰ, ਇਸ ਘਟਨਾ ਤੋਂ ਬਾਅਦ ਕਾਰੋਬਾਰੀ ਸਹਿਮ ਵਿੱਚ ਹਨ। ਉਨ੍ਹਾਂ ਨੂੰ ਡਰ ਹੈ ਕਿ 200% ਕਸਟਮ ਡਿਊਟੀ ਤੋਂ ਬਾਅਦ ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਜਾਣ ਮਗਰੋਂ ਭਾਰਤ ਵਪਾਰ ਬੰਦ ਨਾ ਕਰ ਦੇਵੇ।