ਪਟਨਾ: ਇੱਥੇ ਵਾਹਨ ਚੈਕਿੰਗ ਦੌਰਾਨ ਐਤਵਾਰ ਨੂੰ ਕੇਂਦਰੀ ਮੰਤਰੀ ਅਸ਼ਵਿਨੀ ਚੌਬੇ ਦੀ ਕਾਰ ਨੂੰ ਬਗੈਰ ਕਾਰਵਾਈ ਦੇ ਛੱਡ ਦਿੱਤਾ ਗਿਆ। ਇਸ ਕਾਰਨ ਮੌਕੇ ‘ਤੇ ਤਾਇਨਾਤ ਐਸਆਈ ਸਣੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਫੋਰਨ ਮੁਅੱਤਲ ਕਰ ਦਿੱਤਾ ਗਿਆ। ਜਦਕਿ ਕੁਝ ਦੇਰ ਬਾਅਦ ਸਾਂਸਦ ਰਾਮਕ੍ਰਿਸ਼ਨ ਯਾਦਵ ਦੀ ਕਾਰ ‘ਤੇ ਕਾਲੀ ਫ਼ਿਲਮ ਲੱਗੀ ਹੋਣ ‘ਤੇ ਉਨ੍ਹਾਂ ਨੂੰ ਟ੍ਰੈਫਿਕ ਪੁਲਿਸ ਨੇ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ। ਦੋਵਾਂ ਨੇਤਾਵਾਂ ਦੀਆਂ ਗੱਡੀਆਂ ‘ਚ ਉਨ੍ਹਾਂ ਦੇ ਬੇਟੇ ਤੇ ਪਰਿਵਾਰਕ ਮੈਂਬਰ ਸਵਾਰ ਸੀ।

ਐਤਵਾਰ ਨੂੰ ਬਿਹਾਰ ਮਿਊਜ਼ੀਅਮ ਕੋਲ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤਕ ਖਾਸ ਚੈਕਿੰਗ ਅਭਿਆਨ ਚਲਾਇਆ ਗਿਆ। ਇੱਥੇ ਦੁਪਹਿਰ ਇੱਕ ਵਜੇ ਪੁਲਿਸ ਨੇ ਕੇਂਦਰੀ ਮੰਤਰੀ ਅਸ਼ਵਿਨੀ ਚੌਬੇ ਦੀ ਗੱਡੀ ਨੂੰ ਰੋਕਿਆ। ਅੱਗੇ ਦੀ ਸੀਟ ‘ਤੇ ਉਨ੍ਹਾਂ ਦਾ ਬੇਟਾ ਤੇ ਨੂੰਹ ਤੇ ਪਿੱਛੇ ਉਨ੍ਹਾਂ ਦੀ ਪਤਨੀ ਬੈਠੀ ਸੀ। ਗੱਡੀ ਨੂੰ ਮਿਊਜ਼ੀਅਮ ਤੋਂ 100 ਮੀਟਰ ਦੂਰ ਰੋਕਿਆ ਗਿਆ ਤੇ ਅੱਧਾ ਘੰਟਾ ਖੜ੍ਹਾ ਰੱਖ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਮੰਤਰੀ ਦਾ ਬੇਟਾ ਕਾਰ ਲੈ ਕੇ ਚਲਾ ਗਿਆ।



ਇਸ ਦੀ ਜਾਣਕਾਰੀ ਡਵੀਜ਼ਨਲ ਕਮਿਸ਼ਨਰ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਐਸਆਈ ਦੇਵਪਾਲ ਪਾਸਵਾਨ, ਬੀਐਮਪੀ-2 ਦੇ ਸਿਪਾਹੀ ਪੱਪੂ ਕੁਮਾਰ ਤੇ ਜ਼ਿਲ੍ਹਾ ਪੁਲਿਸ ਦੇ ਸਿਪਾਹੀ ਦਿਲੀਪ ਚੰਦ ਨੂੰ ਮੁਅੱਤਲ ਕਰਨ ਦਾ ਹੁਕਮ ਦੇ ਦਿੱਤਾ। ਇਸੇ ਦੌਰਾਨ ਇੱਥੋਂ ਸਾਂਸਦ ਰਾਮਕ੍ਰਿਪਾਲ ਯਾਦਵ ਦੀ ਗੱਡੀ ਲੰਘੀ ਜਿਸ ‘ਤੇ ਕਾਲੀ ਫ਼ਿਲਮ ਚੜ੍ਹੀ ਸੀ। ਗੱਡੀ ‘ਚ ਸਾਂਸਦ ਦਾ ਬੇਟਾ ਸੀ ਪਰ ਇਸ ਵਾਰ ਪੁਲਿਸ ਕਰਮੀਆਂ ਨੇ ਗਲਤੀ ਨਾ ਦੁਹਰਾਉਂਦੇ ਹੋਏ ਸਾਂਸਦ ਦੇ ਬੇਟੇ ਨੂੰ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ।



ਡਵੀਜ਼ਨਲ ਕਮਿਸ਼ਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਨਵੇਂ ਟ੍ਰੈਫਿਕ ਨਿਯਮਾਂ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਟ੍ਰੈਫਿਕ ਨਿਯਮ ਤੋੜਣ ਦੀ ਛੂਟ ਨਹੀਂ ਹੈ ਜੋ ਨਿਯਮ ਤੋੜੇਗਾ, ਉਸ ਖਿਲਾਫ ਕਾਰਵਾਈ ਹੋਵੇਗੀ।