ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੇ ਕੁਝ ਦਿਨਾਂ ਬਾਅਦ ਪੱਛਮੀ ਬੰਗਾਲ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਪਹਿਲਾਂ ਲੋਕ ਸਭਾ ਚੋਣਾਂ ਵਿੱਚ 18 ਸੀਟਾਂ ਹਾਸਲ ਕਰਕੇ ਬੀਜੇਪੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਾਜਭਾਗ ਨੂੰ ਸੰਨ੍ਹ ਲਾਈ ਤੇ ਹੁਣ ਉਹ ਬੰਗਾਲ ਵਿੱਚ ਆਪਣਾ ਕੱਦ ਹੋਰ ਉੱਚਾ ਕਰਨ ਦੀ ਰਣਨੀਤੀ ਘੜ ਰਹੀ ਹੈ। ਦਰਅਸਲ ਮਮਤਾ ਬੈਨਰਜੀ ਦੇ ਦੋ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ।

ਇਸ ਦੇ ਨਾਲ ਹੀ ਇੱਕ ਸੀਪੀਆਈ ਦੇ ਵਿਧਾਇਕ ਨੇ ਵੀ ਬੀਜੇਪੀ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਲਾਵਾ ਬੰਗਾਲ ਦੇ 50 ਤੋਂ ਵੱਧ ਕੌਂਸਲਰ ਵੀ ਬੀਜਪੀ ਵਿੱਚ ਸ਼ਾਮਲ ਹੋ ਗਏ ਹਨ। ਇਹ ਜਾਣਕਾਰੀ ਬੀਜੇਪੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਦਿੱਤੀ ਹੈ।

ਬੰਗਾਲ ਵਿੱਚ ਇਹ ਬੀਜੇਪੀ ਲਈ ਵੱਡੀ ਕਾਮਯਾਬੀ ਹੈ। ਜਨਰਲ ਸਕੱਤਰ ਕੈਲਾਸ਼ ਨੇ ਕਿਹਾ ਕਿ ਜਿਵੇਂ ਬੰਗਾਲ ਵਿੱਚ 7 ਗੇੜਾਂ 'ਚ ਚੋਣਾਂ ਹੋਈਆਂ ਸੀ ਉਸੇ ਤਰ੍ਹਾਂ ਹੁਣ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੀ ਬੀਜੇਪੀ ਵਿੱਚ ਸ਼ਮੂਲੀਅਤ ਵੀ ਸੱਤ ਪੜਾਵਾਂ ਵਿੱਚ ਹੀ ਹੋਏਗੀ। ਇਹ ਤਾਂ ਹਾਲੇ ਪਹਿਲਾ ਪੜਾਅ ਹੀ ਹੈ।